ਆਜ਼ਾਦੀ Independence Day

ਆਜ਼ਾਦੀ Independence Day

Happy Independence day ਦੱਦੂ! ਸਕੂਲ ਵੈਨ ਦੀ ਬਾਰੀ ਖੋਲ੍ਹ ਕੇ ਛਾਲ ਮਾਰਦਿਆਂ ਆਪਣੇ ਦਾਦਾ ਜੀ ਨੂੰ ਸਕੂਲ ਬੈਗ ਫੜਾਉਂਦਿਆਂ ਜੱਸੀ ਨੇ ਸਕੂਲੋਂ ਮਿਲਿਆ ਤਿਰੰਗਾ ਹੱਥ ਚ ਫੜਿਆ ਤੇ ਮੂਹਰੇ ਮੂਹਰੇ ਭੱਜ ਤੁਰਿਆ। ਪਰ ਸਰਵਣ ਸਿੰਘ ਨੂੰ ਅੱਜ ਜੱਸੀ ਦਾ ਸਕੂਲ ਬੈਗ ਖਾਸਾ ਭਾਰਾ ਲੱਗਣ ਲੱਗ ਗਿਆ। ਜੱਸੀ ਦਾ ਸਕੂਲ ਬੈਗ ਡਰਾਇੰਗ ਰੂਮ ਵਿੱਚ ਰੱਖ ਕੇ ਸਰਵਣ ਸਿਓਂ ਸਿੱਧਾ ਆਪਣੀ ਬੈਠਕ ਵਿੱਚ ਗਿਆ ਤੇ ਪੁਰਾਣਾ ਟਰੰਕ ਖੋਲ੍ਹ ਕੇ ਕੁਝ ਪੁਰਾਣੀਆਂ ਵਸਤਾਂ ਦੀ ਫਰੋਲਾ ਫਰਾਲੀ ਕਰਨ ਲੱਗ ਪਿਆ। ਲਾਲ ਸੁਰਖ ਅੱਖਾਂ ਦੇ ਬੂਹਿਆਂ ਤੇ ਮਣਾਂ ਮੂੰਹੀਂ ਪਾਣੀ ਭਰ ਗਿਆ ਪਰ ਸਰਵਣ ਸਿੰਘ ਨੇ ਇਕ ਤੁਪਕਾ ਵੀ ਡੁੱਲਣ ਨਾ ਦਿੱਤਾ। 

ਉਧਰ ਸਰਵਣ ਸਿੰਘ ਦਾ ਪੋਤਰਾ ਜੱਸੀ ਆਪਣੇ ਦੱਦੂ ਨੂੰ ਲੱਭਦਾ ਉਹਦੇ ਪਿੱਛੇ ਹੀ ਆਣ ਖੜ੍ਹਿਆ ਸੀ ਤੇ ਉਸਦੇ ਹੱਥ ਵਿਚ ਫੜਿਆ ਪੁਰਾਣਾ ਜਿਹਾ ਕੱਪੜਾ ਦੇਖ ਕੇ ਪੁੱਛਿਆ , "ਦੱਦੂ ਇਹ ਕੀ ਹੈ।"
ਹੰਝੂਆਂ ਨੂੰ ਲੱਗਿਆ ਬੰਨ੍ਹ ਖੁਰ ਗਿਆ ਤੇ ਸਰਵਣ ਸਿੰਘ ਉੱਚੀ ਧਾਹਾਂ ਮਾਰ ਰੋਣ ਲੱਗ ਪਿਆ।  ਜੱਸੀ ਡਰਦਾ ਹੋਇਆ ਭੱਜ ਕੇ ਆਪਣੇ ਮੰਮੀ ਪਾਪਾ ਨੂੰ ਬੁਲਾ ਕੇ ਲੈ ਆਇਆ। ਸਰਵਣ ਸਿੰਘ ਅਜੇ ਵੀ ਰੋ ਰਿਹਾ ਸੀ। 
ਸਰਵਣ ਸਿੰਘ ਦਾ ਪੁੱਤਰ ਨੇ ਆਪਣੇ ਬਾਪੂ ਨੂੰ ਪਹਿਲੀ ਵਾਰ ਇਸ ਤਰਾਂ ਰੋਂਦਾ ਦੇਖਿਆ ਸੀ। ਉਸ ਨੇ ਆਪਣੇ ਬਾਪੂ ਨੂੰ ਉਠਾਇਆ ਤੇ ਗਲ ਨਾਲ ਲੱਗ ਗਿਆ।  ਸਰਵਣ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੇ ਖੀਸੇ ਵਿਚੋਂ ਦੋ ਟਾਫੀਆਂ ਕੱਢ ਕੇ ਜੱਸੀ ਨੂੰ ਦੇ ਕੇ ਕਿਹਾ ਕੇ ਤੁਹਾਨੂੰ ਤੁਹਾਡੀ ਆਜਾਦੀ ਮੁਬਾਰਕ ਪੁੱਤਰਾ। ਪਰ ਹੁਣ ਜੱਸੀ ਇਸ ਗੱਲ ਤੇ ਅੜ ਗਿਆ ਕਿ ਪਹਿਲਾਂ ਦੱਸੋ ਤੁਸੀਂ ਅੱਜ ਰੋਏ ਕਿਉਂ ਤੇ ਤੁਹਾਡੇ ਹੱਥ ਵਿੱਚ ਕੀ ਸੀ?
ਸਰਵਣ ਸਿੰਘ ਦੀ ਬਜਾਏ ਜੱਸੀ ਦੇ ਪਾਪਾ ਨੇ ਦੱਸਿਆ ਕਿ ਜਿਸਨੂੰ ਆਪਾਂ ਆਜ਼ਾਦੀ ਕਹਿੰਦੇ ਹਾਂ ਉਸ ਨੂੰ ਬਾਪੂ ਹੋਰੀਂ
ਉਜਾੜਾ ਕਹਿੰਦੇ ਹਨ । ਪਾਕਿਸਤਾਨ ਵਿੱਚ ਆਪਣੀ 18  ਵਿਘੇ ਜਮੀਨ ਛੱਡ ਕੇ ਆਏ ਸਰਵਣ ਸਿੰਘ ਹੋਰੀਂ ਤਿੰਨ ਭਰਾ ਤੇ ਚਾਰ ਭੈਣਾਂ ਸਨ। ਸਰਵਣ ਸਿੰਘ ਸਭ ਤੋਂ ਛੋਟਾ ਸੀ। ਇਸ ਉਜਾੜੇ ਵਿੱਚ ਸਰਵਣ ਸਿੰਘ ਆਪਣੇ ਸਾਰੇ ਪਰਿਵਾਰ ਵਿਚੋਂ ਇਕੱਲਾ ਬਚਿਆ ਸੀ। ਸਰਵਣ ਸਿੰਘ ਦੇ ਪਿਉ ਨੇ ਸਰਵਣ ਸਿੰਘ ਦੇ ਸਾਹਮਣੇ ਉਸਦੀਆਂ ਦੋ ਜਵਾਨ ਭੈਣਾਂ ਨੂੰ ਆਪਣੇ ਹੱਥੀਂ ਇਸ ਲਈ ਮਾਰ ਦਿੱਤਾ ਕਿ ਉਹਨਾਂ ਦੇ ਕਾਫਲੇ ਤੇ ਹਮਲਾ ਹੋ ਗਿਆ ਤੇ ਜਵਾਨ ਕੁੜੀਆਂ ਦੀ ਇੱਜਤ ਲੁਟਾਉਣ ਨਾਲੋਂ ਉਹਨਾਂ ਨੂੰ ਮਾਰਨਾ ਠੀਕ ਸਮਝਿਆ ਗਿਆ।  ਉਸਦੇ ਦੋ ਭਰਾ ਉਸ ਵੱਢਾ ਟੁੱਕੀ ਚ ਮਾਰੇ ਗਏ ਤੇ ਉਸਦੇ ਦੋ ਚਾਚੇ , ਤਾਇਆ ਤੇ ਉਸਦਾ ਪਿਉ ਵੀ ਮਾਰਿਆ ਗਿਆ।  ਉਹਨਾਂ ਦੇ ਕਾਫਲੇ ਚੋਂ ਦੋ ਚਾਰ ਬੰਦੇ ਬਚੇ ਸਨ ਤੇ ਉਹਨਾਂ ਵਿਚੋਂ ਇਕ  ਸਰਵਣ ਸਿੰਘ ਸੀ ਜੋ ਉਸ ਸਮੇਂ 7/8  ਸਾਲ ਦਾ ਸੀ। ਸਰਵਣ ਸਿੰਘ ਦੀ ਮਾਂ ਦੀ ਲਾਸ਼ ਵੀ ਨਹੀਂ ਮਿਲੀ ਸੀ। ਸਰਵਣ ਸਿੰਘ ਬਚੇ ਖੁਚੇ ਲੋਕਾਂ ਨਾਲ ਇਧਰ ਆ ਗਿਆ ਤੇ ਇਧਰ ਉਸਦੇ ਨਾਨੇ ਨੇ ਉਸਨੂੰ ਲੱਭ ਕੇ ਆਪਣੇ ਕੋਲ ਰੱਖਿਆ ਤੇ ਪਾਲਣ ਪੋਸ਼ਣ ਕੀਤਾ ਸੀ। 
ਜੱਸੀ ਦੁਬਾਰਾ ਆਪਣੇ ਦੱਦੂ ਸਰਵਣ ਸਿੰਘ ਕੋਲ ਗਿਆ ਤੇ ਉਸਨੂੰ ਜੱਫੀ ਪਾ ਕੇ ਰੋਣ ਲੱਗ ਪਿਆ।  ਸਰਵਣ ਸਿੰਘ ਨੇ ਜੱਸੀ ਨੂੰ ਚੁੱਪ ਕਰਵਾਇਆ।  ਜੱਸੀ ਨੇ ਸਰਵਣ ਸਿੰਘ ਨੂੰ ਉਸ ਪੁਰਾਣੇ ਕੱਪੜੇ ਬਾਰੇ ਪੁੱਛਿਆ ਤਾਂ ਸਰਵਣ ਸਿੰਘ ਨੇ ਦੱਸਿਆ ਕਿ ਉਹ ਮੇਰੇ ਤੋਂ ਵੱਡੇ ਭਰਾ ਦਾ ਕੁੜਤਾ ਸੀ ਜੋ ਪਿੰਡ ਛੱਡਣ ਸਮੇਂ ਮੈਂ ਪਹਿਣਿਆ ਹੋਇਆ ਸੀ। ਬਸ ਇਹੀ ਇਕ ਨਿਸ਼ਾਨੀ ਮੇਰੇ ਕੋਲ ਮੇਰੇ ਪਰਿਵਾਰ ਦੀ ਰਹਿ ਗਈ ਸੀ ਜਿਸ ਨੂੰ ਮੈਂ ਅਜੇ ਤੱਕ ਸਾਂਭਿਆ ਹੋਇਆ ਏ ਤੇ ਜਦੋਂ ਕਦੇ ਪਰਿਵਾਰ ਦੀ ਯਾਦ ਆਉਂਦੀ ਹੈ ਤਾਂ ਇਸਨੂੰ ਦੇਖ ਲੈਂਦਾ ਹਾਂ। ਜੱਸੀ ਨੇ ਫਿਰ ਪੁੱਛਿਆ ਕਿ ,"ਫਿਰ ਸਾਰੇ ਇਸ ਨੂੰ ਅਜ਼ਾਦੀ ਕਿਉਂ ਕਹਿੰਦੇ ਨੇ?"
ਸਰਵਣ ਸਿੰਘ ਨੇ ਕਿਹਾ ਕਿ ਮੈਨੂੰ ਤਾਂ ਅਜੇ ਆਜਾਦੀ ਮਿਲੀ ਨਹੀਂ। ਹੁਣ ਵੀ ਉਹ ਭਿਆਨਕ ਮੰਜਰ ਨੇ ਮੈਨੂੰ ਗੁਲਾਮ ਕੀਤਾ ਹੋਇਆ ਏ। ਮੇਰੇ ਭਰਾ, ਮੇਰੀਆਂ ਭੈਣਾਂ, ਮੇਰੇ ਚਾਚੇ ਤਾਏ, ਮੇਰਾ ਪਿਉ ਤੇ ਮੇਰੀ ਮਾਂ ਜਿਸਦੀ ਲਾਸ਼ ਵੀ ਨਹੀਂ ਦੇਖੀ ਮੇਰੇ ਸਾਹਮਣੇ ਖੂਨ ਨਾਲ ਲੱਥ ਪੱਥ ਹੋਏ ਖੜੇ ਨੇ।  ਮੈਨੂੰ ਇਸ ਤੋਂ ਆਜ਼ਾਦੀ ਨਹੀਂ ਮਿਲ ਸਕਦੀ। ਮੈਂ ਰੋਜ ਸੁਪਨਿਆਂ ਚ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਇਕੱਲਾ ਘੁੰਮ ਕੇ ਵਾਪਸ ਆਉਨਾ। ਪਰ ਜਦੋਂ ਵਾਪਸ ਆਉਣ ਲੱਗਦਾਂ ਪਿਛੋਂ ਅਵਾਜਾਂ ਵੱਜਦੀਆਂ ਸਰਵਣਾਂ ਆਪਾਂ ਉੱਜੜ ਗਏ ਓਏ! ਮੁੜਿਆ ਸਰਵਣਾਂ! ਆਜਾ ਸਰਵਣਾਂ!!!! ਸਰਵਣ ਸਿੰਘ ਅਚਾਨਕ ਡਿੱਗ ਪੈਂਦਾ ਹੈ । ਉਸਦਾ ਪੁੱਤਰ ਭੱਜ ਕੇ ਚੁੱਕਦਾ ਹੈ । ਨੂੰਹ ਭੱਜ ਕੇ ਪਾਣੀ ਲਿਆਂਉਦੀ ਹੈ। ਪਰ ਪਾਣੀ ਮੂੰਹ ਵਿੱਚ ਪਾਉਣ ਤੋਂ ਪਹਿਲਾਂ ਹੀ ਸਰਵਣ ਸਿੰਘ ਆਪਣੇ ਉਜਾੜੇ ਦੀ ਗੁਲਾਮੀ ਤੋਂ ਆਜਾਦ ਹੋ ਗਿਆ ਸੀ।
ਜਗਸੀਰ ਸਿੰਘ ਉਗੋਕੇ
9878387150

टिप्पणियाँ

इस ब्लॉग से लोकप्रिय पोस्ट

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ

ਹਰ ਗੱਲ...

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)