ਜੱਟ ਤੇ ਰੱਬ

 ਬਿਜਲੀ ਲਿਸ਼ਕੇ ਬੱਦਲ ਗਰਜਣ,

ਜੱਟ ਦੇ ਦਿਲ ਨੂੰ ਰੱਬ ਲੱਗਾ ਪਰਖਣ।

ਅਣਹੋਣੀ ਨਾ ਤੂੰ ਕਰਦੀਂ ਕੋਈ, 

ਰੱਬ ਨੂੰ ਜੱਟ ਲੱਗਾ ਵਰਜਣ।

ਫਸਲ ਤੇ ਬਰਫ ਵਿਛੀ ਦੇਖ ਕੇ,

ਰੱਬ ਦੇ ਉੱਤੇ ਲੱਗਾ ਹਰਖਣ।

ਮੈਂ ਬੀਜੀ, ਫਿਰ ਪਾਲੀ ਪੋਸ਼ੀ, 

ਰੱਬਾ ਤੂੰ ਨਾ ਦਿੱਤੀ ਵੱਢਣ।

ਤੰਗ ਆ ਗਿਆ ਤੇਰੇ ਤੋਂ ਮੈਂ,

ਲੱਗਾ ਹਾਂ ਇਹ ਧੰਦਾ ਛੱਡਣ।

ਜੱਟ ਦੀ ਅੱਖੋਂ ਇਕ ਹੰਝੂ ਡਿੱਗਾ,

ਬਣ ਗਿਆ ਇਕ ਵੱਡਾ ਦਰਪਣ।

ਦੇਖੇ ਪੰਛੀ ਚੋਗਾ ਫਿਰਦੇ ਲੱਭਦੇ,

ਚਾਰੇ ਨੂੰ ਪਸ਼ੂ ਪਏ ਤਰਸਣ।

ਜੱਗ ਦੇ ਉੱਤੇ ਕਾਲ ਪੈ ਗਿਆ, 

ਭੁੱਖ ਦੇ ਮਾਰੇ ਲੋਕੀਂ ਤੜਪਣ।

ਚਾਰੇ ਪਾਸੇ ਚੀਕ ਚਿਹਾੜਾ,

ਭੁੱਖੇ ਭਾਣੇ ਬੱਚੇ ਵਿਲਕਣ।

ਉੱਠਿਆ ਜੱਟ ਤੇ ਫਿਰ ਰੋਇਆ, 

ਰੋਇਆ ਤੇ ਫਿਰ ਲੱਗਾ ਹੱਸਣ।

ਤੇਰੇ ਵੱਸ ਨੀ ਰੱਬਾ ਕੁਝ ਵੀ,

ਸਾਰੇ ਲੋਕੀਂ ਵੱਲ ਮੇਰੇ ਤੱਕਣ।

ਮੈਨੂੰ ਸਾਰੇ ਅੰਨਦਾਤਾ ਕਹਿੰਦੇ,

ਤੇਰੀ ਤਾਂ ਹੀ ਵੱਧਗੀ ਧੜਕਣ।

ਮੇਰੇ ਨਾਲ ਤੂੰ ਕਰੇਂ ਈਰਖਾ,

ਤੇਰੇ ਦਿਲ ਦਾ ਮੈਂ ਲਾਇਆ ਲੱਖਣ।

ਖੇਤੀ ਨਹੀਂ ਮੈਂ ਹੁਣ ਛੱਡਦਾ,

ਲੱਗਿਆ ਫਿਰ ਜੱਟ ਧੰਦ ਫੱਕਣ।

         ਜਗਸੀਰ ਸਿੰਘ 



टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

The Power of Mindfulness: Cultivating Presence in a Busy World

ਟਿੱਬਿਆਂ ਦੇ ਪੁੱਤ