ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)


ਅਸੀਂ ਭੰਬਾ ਲੰਡਾ ਤੇ ਉਗੋਕੇ ਨੇ ਸਾਂਝੀ ਕ੍ਰਿਕੇਟ ਟੀਮ ਬਣਾਈ ਸੀ। ਪ੍ਰੀਤ ਨੂੰ ਅਸੀਂ ਕਪਤਾਨ ਬਣਾਇਆ ਹੋਇਆ ਸੀ। ਅਸੀਂ ਅਕਸਰ ਆਸ ਪਾਸ ਦੇ ਪਿੰਡ ਨਾਲ ਮੈਚ ਲਾਉਣ ਜਾਇਆ ਕਰਦੇ ਸੀ। ਅਕਸਰ ਘਰੋਂ ਰੋਜ ਸਕੂਟਰ,  ਮੋਟਰਸਾਈਕਲ ਨਹੀਂ ਮਿਲਦੇ ਸੀ। ਇਕ ਜਣੇਂ ਦੇ ਮੋਟਰਸਾਈਕਲ ਜਾਂ ਸਕੂਟਰ ਤੇ ਪੰਜ ਛੇ ਜਣੇਂ ਬੈਠ ਕੇ ਜਾਇਆ ਕਰਦੇ । ਕਈ ਵਾਰ ਦੂਹਰਾ ਗੇੜਾ ਵੀ ਲਾਉਣਾ ਪੈੰਦਾ।
ਕੇਰਾਂ ਅਸੀਂ ਮੈਚ ਲਾਉਣ ਜਾਣਾ ਸੀ ਘੱਲ ਖੁਰਦ।  ਨਾਲ ਦੇ ਪਿੰਡ ਸ਼ੇਰਖਾਂ ਮੇਲਾ ਸੀ। ਇਸ ਕਰਕੇ ਜਿੰਨਾ ਕੋਲ ਸਕੂਟਰ ਮੋਟਰਸਾਈਕਲ ਸੀ ਉਹਨਾਂ ਨੂੰ ਵੀ ਘਰੋਂ ਜਵਾਬ ਮਿਲ ਗਿਆ।  ਹੁਣ ਸ਼ਾਮ ਨੂੰ ਮੈਚ ਵੀ ਜਰੂਰ ਲਾਉਣ ਜਾਣਾ ਸੀ।ਇਸ ਲਈ ਕਈ ਰਣਨੀਤੀਆਂ ਬਣਾਈਆਂ ਗਈਆਂ। ਪਰ ਆਖਿਰ ਕਪਤਾਨ ਦੀ ਰਣਨੀਤੀ ਅਪਣਾਈ ਗਈ। 
ਅਸਲ ਵਿੱਚ ਕਪਤਾਨ ਉਸ ਸਮੇਂ ਵਿਆਹਿਆ ਹੋਇਆ ਸੀ ਤੇ ਉਸਦੇ ਵਿਚੋਲੇ ਭੰਬਾ ਲੰਡਾ ਦੇ ਹੀ ਸਨ । ਬਿਚੋਲਿਆਂ ਦਾ ਲੜਕਾ ਘੈਂਟ ਵੀ ਸਾਡਾ ਟੀਮ ਮੈਂਬਰ ਸੀ। ਉਹ ਲੈਂਡਲਾਈਨ ਦਾ ਜਮਾਨਾ ਸੀ। ਕਪਤਾਨ ਤੇ ਘੈਂਟ ਬਿਚੋਲੇ ਘਰੇ ਗਏ ਤੇ ਕਪਤਾਨ ਘਰ ਫੋਨ ਲਗਾਇਆ ਗਿਆ । ਕਪਤਾਨ ਦੀ ਘਰਵਾਲੀ ਆਪਣੇ ਪੇਕੇ ਪਿੰਡ ਗਈ ਹੋਈ ਸੀ। 
ਕਪਤਾਨ ਨੇ ਅਵਾਜ ਬਦਲ ਕਿ ਆਪਣੇ ਘਰ ਫੋਨ ਲਾਇਆ ਉਧਰੋਂ ਮੰਮੀ ਨੇ ਫੋਨ ਚੁੱਕਿਆ।  
ਹੈਲੋ,
ਹਾਂ ਭਾਈ ਕੌਣ?
"ਸਾਸਰੀਕਾਲ ਮਾਸੀ ਜੀ , ਮੈਂ ਭੋਲੂ ਆਲਿਓਂ ਬੋਲਦਾਂ"।
"ਹਰਪ੍ਰੀਤ ਘਰ ਆ?
"ਨਹੀਂ ਉਹ ਤਾਂ ਹੈਨੀ ਪੁੱਤ"।
"ਮਾਸੀ ਜੀ ਸਾਡੇ ਰਿਸ਼ਤੇਦਾਰ ਆਏ ਬਾਹਰੋਂ। ਉਹਨਾਂ ਕੱਲ੍ਹ ਜਾਣਾ ਵਾਪਸ। ਉਹ ਕਹਿੰਦੇ ਸੀ ਹਰਪ੍ਰੀਤ ਮਿਲ ਜਾਵੇ ਆਕੇ"। 
"ਕੋਈ ਨੇ ਪੁੱਤ ਭੇਜ ਦਿੰਦੇ ਆਂ ਹਰਪ੍ਰੀਤ ਨੂੰ ਬੁਲਾ ਕੇ ਘਰ।"
"ਚਲੋ ਠੀਕ ਆ ਜੀ ਭੇਜ ਦੇਣਾ ਓਕੇ"।
ਹੁਣ ਕਪਤਾਨ ਦੀ ਘਰ ਐਂਟਰੀ ਦਾ ਸਮਾਂ ਸੀ। ਉਸ ਤੋਂ ਪਹਿਲਾਂ ਅਸੀਂ ਕਿੱਟ ਬੋਰੀ ਚੁੱਕ ਕਿ ਫਿਰੋਜ਼ਸ਼ਾਹ ਰੋਡ ਤੇ ਪਿੰਡ ਤੋਂ ਬਾਹਰ ਜਾ ਕੇ ਕਪਤਾਨ ਦੀ ਉਡੀਕ ਕਰਨ ਲੱਗੇ।
ਕਪਤਾਨ ਬੀਬੀ ਮੈਂ ਖੇਡਣ ਚੱਲਿਆਂ ਉਗੋਕੀ।"
" ਨਾ ਪੁੱਤ ਤੇਰੇ ਸਹੁਰਿਆਂ ਤੋਂ ਫੋਨ ਆਇਆ। ਉਹਨਾਂ ਦੇ ਰਿਸ਼ਤੇਦਾਰ ਆਏ ਬਾਹਰੋਂ ਤੈਨੂੰ ਮਿਲਣਾ"।
ਰਹਿਣਦੇ ਬੀਬੀ ਮੈਥੋਂ ਨੀ ਜਾਇਆ ਜਾਣਾ ਅੱਜ ਕੁਵੇਲਾ ਹੋ ਜਾਣਾ।"
" ਨਹੀਂ ਹਰਪ੍ਰੀਤ ਉਹ ੳਡੀਕਣਗੇ ਜਾਹ ਮੇਰਾ ਚਲਾ ਜਾਹ।"
ਮੈਂ ਫਿਰ ਮੋਟਰਸਾਈਕਲ ਤੇ ਨੀ ਜਾਣਾ! ਗੱਡੀ ਲੈ ਕੇ ਜਾਊਂ!"
ਲੈ ਜਾਹ ਪੁੱਤ ਜਾਹ ਮੈਂ ਕਹਿਦੂੰ ਤੇਰੇ ਭਾਪੇ ਨੂੰ।"
ਕਪਤਾਨ ਫੁਰਤੀ ਨਾਲ ਤਿਆਰ ਹੋਇਆ ਤੇ ਜੀਪ ਕੱਢੀ ਤੇ ਬਾਹਰ ਆਪਣੀ ਟੀਮ ਨੂੰ ਪਿੱਕ ਕੀਤਾ ਤੇ ਕਪਤਾਨ ਦੀ ਜੀਪ ਏਅਰ ਇੰਡੀਆ ਵਾਂਗੂੰ ਘੱਲ ਖੁਰਦ ਬਾਬਿਆਂ ਦੇ ਸਕੂਲ ਕੋਲ ਜਾ ਕੇ ਲੈਂਡ ਹੋ ਗਈ। 
ਇਸਤੋਂ ਬਾਅਦ ਮੈਚ ਦੇਰ ਸ਼ਾਮ ਤੱਕ ਚੱਲਿਆ।  ਮੈਚ ਤਾਂ ਅਸੀਂ ਜਿੱਤ ਗਏ।  ਪਰ  ਜਦੋਂ ਅਸੀਂ ਜੀਪ ਚ ਬੈਠਣ ਲੱਗੇ ਕਪਤਾਨ ਸਾਹਬ ਬਿੱਫਰ ਗਏ। 
"ਭਰਾਵੋ ਮੈਂ ਲੇਟ ਹੋਗਿਐਂ ਪਹਿਲਾਂ ਹੀ। ਸਹੁਰੀਂ ਜਾਣਾ ਮੈਂ"
ਅਸੀਂ ਕਹੀਏ ਸਾਨੂੰ ਛੱਡ ਤਾਂ ਆ ਪਰ ਕਿਥੇ ਕਪਤਾਨ ਕਹਿੰਦਾ ਘਰੇ ਪਤਾ ਲੱਗ ਜਾਣਾ। ਤੁਸੀਂ ਮੈਨੂੰ ਲੇਟ ਨਾ ਕਰੋ ਤੇ ਆਪ ਵੀ ਕੋਈ ਸਾਧਨ ਦੇਖੋ ਫਿਰੋਜ਼ਸ਼ਹ ਤੱਕ।  ਅੱਗੇ ਤਾਂ ਪੈਦਲ ਚਲੇ ਜਾਓਗੇ।ਕਪਤਾਨ ਨੇ ਮਾਰੀ ਸੈਲਫ ਤੇ ਪਾ ਦਿੱਤੇ ਚਾਲੇ ਭੋਲੂ ਵਾਲੇ ਨੂੰ।
ਅਸੀਂ ਰੋਡ ਤੇ ਆਕੇ ਆਸਾ ਪਾਸਾ ਦੇਖਿਆ। ਪੈਟਰੋਲ ਪੰਪ ਤੇ ਆਰਮੀ ਵਾਲਿਆਂ ਦੀਆਂ ਦੋ ਜੀਪਾਂ ਰੁਕੀਆਂ ਹੋਈਆਂ ਸਨ। ਇਥੇ ਕੰਮ ਆਇਆ ਸਾਡਾ ਜਗਜੀਤ ਸ਼ਹਿਰੀਆ। ਜੱਗਜੀਤ ਦਾ ਡੈਡੀ ਆਰਮੀ ਚ ਸੀ ਤੇ ਜੱਗੀ ਸ਼ਹਿਰ ਦਾ ਪੜ੍ਹਿਆ ਹੋਣ ਕਰਕੇ ਹਿੰਦੀ ਜਿਹੀ ਵੀ ਬੋਲ ਲੈਂਦਾ ਸੀ। ਚਲੋ ਕਰ ਕਰਾ ਕੇ ਆਰਮੀ ਜੀਪ ਚ ਬੈਠ ਗਏ।  ਉਦੋਂ ਤੱਕ ਹਨੇਰਾ ਹੋ ਚੁੱਕਿਆ ਸੀ । ਫਿਰੋਜ਼ਸ਼ਾਹ ਆਉਣ ਤੋਂ ਪਹਿਲਾਂ ਹੀ ਜੀਪ ਦੀਆਂ ਲਾਈਟਾਂ ਖਰਾਬ ਹੋ ਜਾਣ ਕਾਰਨ ਹਨੇਰਾ ਹੋਰ ਵੀ ਹੋ ਗਿਆ ਤੇ ਲਾਈਟਾਂ ਠੀਕ ਕਰਕੇ ਜੀਪ ਸ਼ਾਇਦ 150 ਤੇ ਦੌੜ ਰਹੀ ਸੀ ਤੇ ਅਸੀਂ ਫਿਰੋਜ਼ਸ਼ਾਹ ਤੋਂ ਪਹਿਲਾਂ ਹੀ ਰੌਲਾ ਪਾਤਾ ਅੰਕਲ ਰੋਕਦੋ ਅੰਕਲ ਰੋਕਦੋ!!!
ਗੱਡੀ ਰੁਕੀ ਤੇ ਅਸੀਂ ਪੈਦਲ ਚਾਲੇ ਪਾ ਦਿੱਤੇ। ਇਕ ਜੀਪ ਆ ਰਹੀ ਸੀ ਪਿਛੋਂ ਅਸੀਂ ਰੁਕਣ ਲਈ ਵਿਕਟਾਂ ਨਾਲ ਇਸ਼ਾਰਾ ਕੀਤਾ ਪਰ ਜੀਪ ਨੇ ਇਕਦਮ ਸਪੀਡ ਤੇਜ ਕਰ ਦਿੱਤੀ।  ਫਿਰੋਜ਼ਸ਼ਾਹ ਦੇ ਹੀ ਇਕ ਪਿੰਡੋ ਬਾਹਰਵਾਰ ਘਰੇ ਜਾ ਕੇ ਉਹਨਾਂ ਹਵਾਈ ਫਾਇਰ ਕੀਤੇ । ਸ਼ਾਇਦ ਉਹਨਾਂ ਸਾਨੂੰ ਕਾਲੇ ਕੱਛਿਆਂ ਵਾਲੇ ਸਮਝ ਲਿਆ ਹੋਵੇਗਾ। ਪਰ ਇਸ ਨਾਲ ਅਸੀਂ ਦੁੱਗਣੀ ਤੇਜੀ ਨਾਲ ਆਪਣੇ ਪਿੰਡ ਵੱਲ ਨੂੰ ਵਧੇ ਤੇ ਤਕਰੀਬਨ ਨੌੰ ਕੁ ਵਜੇ ਘਰ ਪਹੁੰਚ ਗਏ। 
 ਉਧਰ ਕਪਤਾਨ ਸਾਹਬ ਅਚਨਚੇਤ ਸਹੁਰੀਂ ਪਹੁੰਚ ਕੇ ਵੀ ਮੁਰਗੇ ਦੇ ਦੰਦੀਆਂ ਵੱਢ ਰਹੇ ਸਨ।
ਜਗਸੀਰ ਸਿੰਘ ਉਗੋਕੇ
9878387150
Thewhrighter.blogspot.com 


टिप्पणियाँ

एक टिप्पणी भेजें

इस ब्लॉग से लोकप्रिय पोस्ट

The Power of Mindfulness: Cultivating Presence in a Busy World

ਟਿੱਬਿਆਂ ਦੇ ਪੁੱਤ