ਲਗਜ਼ਰੀ ਗੱਡੀ

 ਕੇਰਾਂ ਮੈਂ ਤੇ ਮੇਰਾ ਦੋਸਤ ਲਾਦੇਨ ਆਪਣੇ ਮਿੱਤਰ ਦੀ ਸ਼ਾਦੀ ਤੇ ਜਾਣਾ ਸੀ ਬਾਘੇ ਆਲੇ।  ਮੇਰੇ ਕੋਲ ਮਾਰੂਤੀ ਕਾਰ ਸੀ ਤੇ ਲਾਦੇਨ ਕੋਲ ਜੈੱਨ । ਲਾਦੇਨ ਕਹਿੰਦਾ ਯਾਰ ਪੁਰਾਣੀਆਂ ਗੱਡੀਆਂ ਤੇ ਗਏ ਤਾਂ ਕੀ ਇੱਜਤ ਰਹੂ ਆਪਣੀ । ਕਹਿੰਦਾ ਜਾਣਾ ਤਾਂ ਲਗਜ਼ਰੀ ਗੱਡੀ ਤੇ ਜਾਣਾ ਨਹੀਂ ਤਾਂ ਬੱਸ ਤੇ ਚੱਲਾਂਗੇ। ਮੈਂ ਕਿਹਾ ਠੀਕ ਆ।

ਕੁਝ ਦਿਨ ਮਗਰੋਂ ਲਾਦੇਨ ਦਾ ਫੋਨ ਆਇਆ ਗੱਡੀ ਪ੍ਰਬੰਧ ਹੋ ਗਿਆ ਤਿਆਰ ਰਹੀਂ। ਮੈਂ ਕਿਹਾ ਗੱਡੀ ਕਿਹੜੀ ਕਹਿੰਦਾ ਲਗਜ਼ਰੀ ਗੱਡੀ ਬਸ ਆਨੰਦ ਆ ਜਾਣਾ । ਮੈਂ ਕਿਹਾ ਫਿਰ ਤਾਂ ਮੈਨੂੰ ਕਾਲੀਆਂ ਐਨਕਾਂ ਵੀ ਮੰਗਣੀਆਂ ਪੈਣੀਆਂ। ਕਹਿੰਦਾ ਹਾਂ ਉਹ ਤਾਂ ਜਰੂਰੀ ਆ ਓਹਨਾਂ ਬਿਨਾਂ ਤਾਂ ਗੱਡੀ ਮੰਗਵੀਂ ਲੱਗੂ। ਮੈਂ ਕਿਹਾ ਤੂੰ ਦੋ ਐਨਕਾਂ ਦਾ ਪ੍ਰਬੰਧ ਕਰ ਮੈਂ ਦੋ ਬਲੈਜਰ ਪੁੱਛਦਾਂ । ਕਹਿੰਦਾ ਓਕੇ। ਚਲੋ ਜੀ ਐਨਕਾਂ, ਬਲੈਜਰ ਤੇ ਲਗਜ਼ਰੀ ਗੱਡੀ BMW ਕਿਆ ਬਾਤਾਂ।


ਬਰਾਤ ਤੋਂ ਦੋ ਦਿਨ ਪਹਿਲਾਂ ਲਗਜ਼ਰੀ ਮੁੱਖ ਮਹਿਮਾਨ ਪਹੁੰਚ ਗਏ।  ਇਹਨਾਂ ਦੋ ਦਿਨਾਂ ਚ ਸਾਡੇ ਦੋਸਤ ਨੇ ਵੀ ਲਗਜ਼ਰੀ ਕਾਰ ਦੇ ਝੂਟੇ ਲਏ ਤਾਂ ਉਹ ਕਹਿੰਦਾ ਲਾੜਾ ਤਾਂ ਏਸੇ ਤੇ ਵਿਆਹ ਕੇ ਲਿਆਊ। ਬਰਾਤ ਤੋਂ ਇਕ ਦਿਨ ਪਹਿਲਾਂ ਗੱਡੀ ਡਿੱਗ ਤੋਂ ਧਵਾ ਕੇ ਸ਼ਿੰਗਾਰ ਲਈ ਗਈ।  

ਅਸਲ ਵਿੱਚ ਇਹ ਗੱਡੀ ਸਾਡੇ ਇਕ ਹੋਰ ਮਿੱਤਰ ਦੀ ਸੀ ਜੋ ਆਪ ਕੈਨੇਡਾ ਗਿਆ ਹੋਇਆ ਸੀ।

ਚਲੋ ਲਾੜਾ ਤਿਆਰ ਹੋਇਆ ਅਸੀਂ ਗੱਡੀ ਦਰਵਾਜੇ ਚ ਲਿਆ ਕੇ ਬੰਦ ਕਰ ਦਿੱਤੀ ਕਿ ਮੂਵੀ ਵਾਲੇ ਬਹੁਤ ਟਾਇਮ ਲਗਾ ਦਿੰਦੇ। ਲਾੜਾ ਜੀ ਪਧਾਰੇ ਗੱਡੀ ਚ ਬੈਠੇ। ਗੱਡੀ ਗੁੱਸਾ ਕਰਗੀ। ਸਟਾਰਟ ਨਾ ਹੋਵੇ। 10  ਪੰਦਰਾਂ ਮਿੰਟ ਉਡੀਕ ਕੇ ਲਾੜੇ ਨੇ ਪੈਦਲ ਗੁਰਦੁਆਰਾ ਸਾਹਿਬ ਨੂੰ ਰਵਾਨਗੀ ਪਾਈ। ਤੇ ਅਸੀਂ ਗੱਡੀ ਉਥੇ ਲਿਆਉਣ ਦਾ ਕਹਿ ਕੇ ਲੱਗੇ ਟੱਕਰਾਂ ਮਾਰਨ। ਉਧਰੋਂ ਲਾੜੇ ਦੇ ਭਰਾ ਨੇ ਇਕ ਇਨੋਵਾ ਕਿਰਾਏ ਤੇ ਕਰਾ ਕੇ ਜਲਦੀ ਤਿਆਰ ਕਰਕੇ ਲਿਆਉਣ ਲਈ ਕਿਸੇ ਆਪਣੇ ਦੋਸਤ ਨੂੰ ਕਹਿ ਦਿੱਤਾ । ਉਧਰ ਲਾੜਾ ਨੇ ਮੱਥਾ ਟੇਕਿਆ ਤੇ ਏਧਰ ਗੱਡੀ ਸਟਾਰਟ ਹੋਈ ਤੇ ਇਨੋਵਾ ਦੇ ਨਾਲ ਅਸੀਂ ਰੋਕ ਦਿੱਤੀ ਗੁਰਦੁਆਰਾ ਸਾਹਿਬ ਦੇ ਦਰਵਾਜੇ ਚ। 

ਲਾੜਾ ਫਿਰ ਲਗਜ਼ਰੀ ਕਾਰ ਚ ਆ ਬੈਠਾ ਗੱਡੀ ਫਿਰ ਬੰਦ ਹੋ ਗਈ।  ਲਾੜਾ ਉੱਤਰ ਕੇ ਇਨੋਵਾ  ਚ ਅਸੀਂ ਕਾਲੀਆਂ ਐਨਕਾਂ ਤੇ ਬਲੈਜਰ ਲਾਹ ਕੇ ਲਗਜ਼ਰੀ ਕਾਰ ਦੇ ਆਲੇ ਦੁਆਲੇ। ਕਿਉਂਕਿ ਸਾਨੂੰ ਸਿਰਫ ਚਲਾਉਣੀ ਆਉਂਦੀ ਸੀ। ਪਿੰਡੋਂ ਮਿਸਤਰੀ ਨੇ ਜੁਆਬ ਦੇਤਾ ਬਸ ਫਿਰ। ਧੱਕਾ ਲਾ ਕੇ ਸਾਈਡ ਤੇ ਲੌਕ ਕਰਕੇ ਅਸੀਂ ਟਾਟਾ ਸੁਮੋ ਦੇ ਮਗਰ ਬੈਠ ਕੇ ਬਰਾਤ ਨਾਲ ਗਏ। ਬਲੈਜਰ ਤੇ ਐਨਕਾਂ BMW  ਵਿੱਚ ਹੀ ਰਹਿਗੇ।

ਵਾਪਸ ਆਏ ਤੇ ਟਰੈਕਟਰ ਮਗਰ ਪਾ ਕੇ ਬਾਘੇ ਵਾਲੇ ਮਿਸਤਰੀ ਨੇ ਵੀ ਜੁਆਬ ਦੇਤਾ ਕਿ ਭਾਈ ਲੈਜੋ ਚੰਡੀਗੜ੍ਹ ਜਾਂ ਬਠਿੰਡੇ ਹੈਗਾ ਮਿਸਤਰੀ ਚੰਗਾ। ਬਠਿੰਡਾ ਨੇੜੇ ਸੀ । ਮਿਸਤਰੀ ਕਹਿੰਦਾ 40 ਹਜਾਰ ਦਾ ਕੰਮ ਆ। 

ਉਧਰ ਕੈਨੇਡੀਅਨ ਦੋਸਤ ਨੂੰ  ਦੱਸੀ ਸਾਰੀ ਗੱਲ ਉਹ ਕਹਿੰਦਾ ਜੇ ਨੁਕਸ ਪੈ ਗਿਆ ਫਿਰ 40 ਚ ਨੀ ਸੂਤ ਹੁੰਦਾ ਲੱਖ ਤਾਂ ਲੱਗੂ

ਇਹ ਕਿਹੜਾ ਮਾਰੂਤੀ ਆ। ਗੱਲਬਾਤ ਕਰਦਿਆਂ ਦੱਸਿਆ ਕਿ ਅੱਧੀ ਟੈਂਕੀ ਤੇਲ ਦੀ ਪਈ। ਕਨੇਡਾ ਵਾਲੇ ਨੂੰ ਖੁੜਕ ਗਈ।  ਉਹ ਕਹਿੰਦਾ ਉਹ ਤਾਂ ਗੇਜ ਖਰਾਬ ਉਹਦੀ ਤੁਸੀਂ ਤੇਲ ਪਾ ਕੇ ਦੇਖੋ। ਅਸੀਂ ਗੈਰੇਜ ਜਾ ਕੇ ਤੇਲ ਪਾਇਆ ਗੱਡੀ ਸਟਾਰਟ । ਅਸੀਂ ਪੰਪ ਤੇ ਜਾਕੇ ਤੇਲ ਪਵਾਇਆ ਤੇ ਛੱਡਤੀ ਪਿੰਡ ਨੂੰ। ਰਾਹ ਚ ਗੁੱਛੂ ਮੁੱਛੂ ਹੋਏ ਬਲੈਜਰ ਦੇਖ ਕਿ ਮੈਂ ਕਿਹਾ ਖੱਬੇ ਮੋੜ ਮੁੱਦਕੀ ਤੋਂ ਆਹ  ਵੀ ਲਾਹ ਚੱਲੀਏ ਮਗਰੋਂ ਫਿਰ ਹੀ ਗੱਡੀ ਬੰਦ ਕਰਾਂਗੇ। ਲਾਦੇਨ ਹੱਥ ਛੱਡ ਕੇ ਤਾੜੀਆਂ ਮਾਰ ਮਾਰ ਹੱਸ ਰਿਹਾ ਸੀ। ਡੈਸ਼ ਬੋਰਡ ਤੇ ਕਾਲੀ ਐਨਕ ਧੌਣ ਹਿਲਾ ਰਹੇ ਕੁੱਤੇ ਤੇ ਦੇ ਵਿਚ ਵੱਜ ਕੇ ਮੂਧੀ ਹੋ ਡਿੱਗ ਪਈ।  ਰਾਤ 10 ਵਜੇ ਨੂੰ ਲਗਜ਼ਰੀ ਕਾਰ ਘਰ  ਛੱਡ ਕੇ ਤੇ ਮੈਂ ਤੇ ਲਾਦੇਨ ਮਾਰੂਤੀ ਤੇ ਪਿੰਡ ਨੂੰ ਚੱਲ ਪਏ। ਡੈਸ਼ ਬੋਰਡ ਦੇ ਉਪਰ ਲੱਤ ਤੇ ਲੱਤ ਰੱਖ ਬੈਠਾ ਲਾਦੇਨ ਕਹਿੰਦਾ ਉਂਝ ਗੱਡੀ ਮਰੂਤੀ ਦੀ ਵੀ ਰੀਸ ਨੀ ਕੋਈ। ਇਸ ਵਾਰ ਤਾੜੀ ਮਾਰ ਕੇ ਮੈਂ ਹੱਸ ਰਿਹਾ ਸੀ।

ਜਗਸੀਰ ਸਿੰਘ ਉਗੋਕੇ

9878387150

टिप्पणियाँ

एक टिप्पणी भेजें

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

The Power of Mindfulness: Cultivating Presence in a Busy World

ਟਿੱਬਿਆਂ ਦੇ ਪੁੱਤ