ਮੈਂ ਇਕ ਖੂਹ ਹਾਂ

 "ਮੈਂ ਇਕ ਖੂਹ ਹਾਂ,

ਇਕ ਬੁੱਢਾ ਤੇ ਸੁੱਕਾ ਖੂਹ। 

       ਕਦੇ ਮੈਂ ਜਲ ਦਾਤਾ ਸੀ,

        ਮਿੱਠਾ ਜਲ ਦਾਤਾ,

       ਜਲ ਜੋ ਜੀਵਨ ਦਾਤਾ।



ਲੋਕਾਂ ਦੀ ਮਹਿਫਲ ਦਾ ਕੇਂਦਰ ਸੀ ਮੈਂ,

ਖੁਸ਼ੀਆਂ ਤੇ ਰੌਣਕ ਦਾ ਘਰ ਸੀ ਮੈਂ।

ਗਵਾਹ ਸੀ ਮੈਂ ਹੁਸਨ ਇਸ਼ਕ ਦੇ ਮਿਲਣ ਦਾ,

ਚੋਰੀ ਚੋਰੀ ਅੱਖੀਆਂ ....... ਲੜਨ ਦਾ,

ਹਨੇਰੇ ਤੱਕ ਮੇਰੇ ਮੂੰਹ ਤੇ ਬੈਠ,

ਗੱਲਾਂ ਕਰਦੇ ਯਾਰਾਂ ਲਈ ਜੀਣ ਦਾ,

ਯਾਰਾਂ ਲਈ ਮਰਨ ਦਾ।

         ਪਾਣੀ ਭਰਦੀਆਂ ਮੁਟਿਆਰਾਂ ਦੀ ਰੌਣਕ,

         ਝਾਂਜਰ ਦੇ ਛਣਕਾਰਾਂ ਦੀ ਰੌਣਕ, 

        ਅੱਖਾਂ ਸੇਕਦੇ ਕੀਮਿਆਂ ਦੀ ਭਰਮਾਰਾਂ ਦੀ ਰੌਣਕ,

        ਤਾਸ਼ ਖੇਡਦੇ ਬਾਬਿਆਂ ਦੀ ਜਿੱਤਾਂ ਹਾਰਾਂ ਦੀ ਰੌਣਕ,

        ਕਿਧਰੇ ਬੱਚਿਆਂ ਦੇ ਕਿਲਕਾਰਾਂ ਦੀ ਰੌਣਕ।

ਪਰ ਅੱਜ ਮੈਂ ਇਕੱਲਾ ਹਾਂ,

ਉਦਾਸਾ ਹਾਂ।

ਕਦੇ ਮੈਂ ਪਿਆਸ ਬੁਝਾਉਂਦਾ ਸੀ,

ਅੱਜ ਖੁਦ ਪਿਆਸਾ ਹਾਂ।

                 ਅੱਜ ਮੇਰੇ ਕੋਲ ਕੋਈ ਨਹੀਂ ਆਉਂਦਾ, 

                 ਮੈਂ ਅਵਾਜ਼ਾਂ ਦਿੰਦਾ ਹਾਂ,

                 ਪਰ ਕੋਈ ਨਹੀਂ ਸੁਣਦਾ ,

                 ਨਾ ਕੋਈ ਕੀਮਾ ਆਪਣੀ ਮਲਕੀ ਲਈ, 

                ਹੁਣ ਮੈਂਨੂੰ ਸੁਨੇਹਾ ਦਿੰਦੈ।

ਕੱਲ੍ਹ ਇਕੱਠੇ ਹੋ ਕੇ ਆਏ ਸਨ, 

ਕੁਝ ਪਤਵੰਤੇ।

ਮੈਂਨੂੰ ਭਰ ਦੇਣ ਦਾ ਫੈਸਲਾ ਹੋ ਗਿਆ। 

ਕਿਉਂ ਕਿ ਮੈਂ ਕਿਸੇ ਬੱਚੇ ਦੀ ਜਾਨ ਲੈ ਸਕਦਾਂ!

ਕਿਉਂ ਕਿ ਮੈਂ ਇਕ ਖੂਹ ਹਾਂ,

ਇਕ ਬੁੱਢਾ ਤੇ ਸੁੱਕਾ ਖੂਹ ।

ਕਦੇ ਮੈਂ ਜਲ ਦਾਤਾ ਸੀ,

ਮਿੱਠਾ ਜਲ ਦਾਤਾ।

ਧੰਨਵਾਦ 

ਜਗਸੀਰ ਸਿੰਘ ਉਗੋਕੇ

9878387150








टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

The Power of Mindfulness: Cultivating Presence in a Busy World

ਟਿੱਬਿਆਂ ਦੇ ਪੁੱਤ