ਗੁਸਤਾਖੀਆਂ

 ਮੈਡਮ ਜੀ ਵਾਇਵਾ ਲੈ ਲੋ

ਮੇਰਾ ਦੋਸਤ ਲਾਦੇਨ ਇੱਕ ਯੂਨੀਵਰਸਿਟੀ ਤੋਂ ਕੋਈ ਕੋਰਸ ਕਰ ਰਿਹਾ ਸੀ। ਪੇਪਰਾਂ ਦੇ ਸਮੇਂ ਅਲੱਗ ਅਲੱਗ ਵਿਸ਼ਿਆਂ ਦੇ ਵਾਇਵਾ ਲਿਆ ਜਾ ਰਿਹਾ ਸੀ। ਲਾਦੇਨ ਅਨੁਸਾਰ ਇੱਕ ਮੈਡਮ ਬਾਹਲ਼ੀ ਕੱਬੀ ਸੀ। ਵਾਇਵਾ ਸਾਡੇ ਪਿੰਡਾਂ ਵਾਲਿਆਂ ਨੂੰ ਪਤਾ ਨਹੀਂ ਕੀ ਹੁੰਦਾ। ਲਾਦੇਨ ਨੇ ਆਪਣਾ ਵਾਇਵਾ ਜਮ੍ਹਾ ਕਰਵਾ ਦਿੱਤਾ। ਪਰ ਉਹਦਾ ਇੱਕ ਦੋਸਤ ਲੇਟ ਹੋ ਗਿਆ। ਜਿਸਦੀ ਵਾਇਵੇ ਵਾਲੀ ਫਾਈਲ ਘਰ ਰਹਿਗੀ ਸੀ। ਲਾਦੇਨ ਉਹਨੂੰ ਕਹਿੰਦਾ ਆਜਾ ਫਾਈਲ ਕੱਲ੍ਹ ਜਮ੍ਹਾ ਕਰਵਾ ਦੇਵੀਂ ਤੂੰ ਵਾਇਵਾ ਦੇਦੇ ਮੈਡਮ ਨੂੰ। ਉਹ ਕਹਿੰਦਾ ਫਾਈਲ ਹੈਨੀ ਮੈਡਮ ਕੱਬੀ ਹੈ ਤੂੰ ਰਹਿਣਦੇ ਮੈਂ ਨੀਂ ਜਾਂਦਾ । ਲਾਦੇਨ ਕਹਿੰਦਾ ਮੈਂ ਚੱਲਦਾ ਤੇਰੇ ਨਾਲ ਤੂੰ ਆਜਾ। ਲਾਦੇਨ ਲੈ ਗਿਆ ਨਾਲ ਭਗਤ ਬੰਦੇ ਨੂੰ ਤੇ ਮੈਡਮ ਨੂੰ ਅੰਦਰ ਆਉਣ ਲਈ ਪੁੱਛ ਕੇ ਆਪ ਪਿੱਛੇ ਹੋਗਿਆ ਉਸਨੂੰ ਅੱਗੇ ਕਰਤਾ ਤੇ ਉਹਦੇ ਅੱਗੇ ਹੁੰਦਿਆਂ ਹੀ ਆਪ ਬਾਹਰ ਨਿਕਲ ਗਿਆ। ਉਹ ਜਾ ਕੇ ਮੈਡਮ ਨੂੰ ਕਹਿੰਦਾ ਮੈਡਮ ਜੀ ਮੇਰਾ ਵਾਇਵਾ ਲੈ ਲਉ। ਮੈਡਮ ਕਹਿੰਦੇ ਲਿਆ ਦੇਹ ਫਾਈਲ। ਕਹਿੰਦਾ ਫਾਈਲ ਕੱਲ੍ਹ ਲਿਆ ਦੇਊਂ । ਅੱਜ ਵਾਇਵਾ ਲੈ ਲਉ 😂। ਮੈਡਮ ਕਹਿੰਦੇ ਕੁੱਤਿਆ ਵਾਇਵਾ ਕੀ ਲਵਾਂ 😂। ਕਹਿੰਦਾ ਮੈਡਮ ਜੀ ਇਹ ਕਹਿੰਦਾ ਸੀ .. ਜਦੋਂ ਪਿੱਛੇ ਦੇਖਿਆ ਕੋਈ ਨਾ।। ਫਿਰ ਉਹਨੇ ਵੀ ਪਿੱਛੇ ਮੈਡਮ ਵੱਲ ਮੂੰਹ ਨਾ ਕੀਤਾ ਤੇ ਬਾਹਰ ਮੈਦਾਨ ਚ ਬੈਠੀ ਮਿੱਤਰਾਂ ਦੀ ਟੋਲੀ ਹੱਸ ਹੱਸ ਦੂਹਰੀ ਹੋਈ ਜਾਵੇ ਕਿ ਵਰਿੰਦਰ ਵਾਇਵਾ ਦੇ ਆਇਆ😂😂😂😂



2.ਲਾਦੇਨ 1

          ਮੇਰਾ ਇੱਕ ਦੋਸਤ ਜਿਸਨੂੰ ਪਿਆਰ ਨਾਲ ਅਸੀਂ ਲਾਦੇਨ ਕਹਿ ਦਿੰਨੇਂ ਆਂ😜। ਹੈ ਵੀ ਲਾਦੇਨ ਵਾਂਗੂ ਬਾਹਲਾ ਈ ਸ਼ਾਤਿਰ।ਇੱਕ ਵਾਰ ਅਸੀਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਤੋਂ ਵਾਪਸ ਘਰ ਆ ਰਹੇ ਸੀ। ਸਾਡੇ ਪਿੰਡ ਦੇ ਕੁਝ ਹੋਰ ਮੁੰਡੇ ਅੱਡੇ ਤੇ ਖੜ੍ਹੇ ਕਿਸੇ ਗੱਲ ਤੇ ਵਿਚਾਰ ਕਰ ਰਹੇ ਸੀ। ਗੱਲ ਇਹ ਸੀ ਕਿ ਸਾਡੇ ਸੇਵਨਵਾਲੇ (ਕੱਚੀ ਨਹਿਰ)ਤੇ ਕੋਈ ਗੱਡੀ ਆਕੇ ਰੁਕੀ ਸੀ ਤੇ ਮੁੰਡਿਆਂ ਦਾ ਖਿਆਲ ਸੀ ਕਿ ਗੱਡੀ ਵਿੱਚ ਬਿਗਾਨੇ ਪਿੰਡ ਦਾ ਬਿਗਾਨੀ ਗੱਡੀ ਲੈ ਕੇ ਆਇਆ ।ਸਾਰਿਆਂ ਦੀ ਇਹ ਦੇਖਣ ਦੀ ਇੱਛਾ ਸੀ ਪਰ ਡਰ ਸੀ ਕਿ ਜੇ ਕੋਈ ਬਿਗਾਨੇ ਪਿੰਡ ਆਇਆ ਉਹ ਕੋਈ ਹਥਿਆਰ ਵੀ ਲੈ ਕੇ ਆਇਆ ਹੋਣਾਂ ਪੱਕਾ। ਕਾਫੀ ਵਿਚਾਰ ਚਰਚਾ ਪਿਛੋਂ ਲਾਦੇਨ ਕਹਿੰਦਾ ਜਾਣਾ ਈ ਫਿਰ ? ਸਾਰੇ ਕਹਿੰਦੇ ਹਾਂ ਜਾਣਾ ਤਾਂ ਹੈ। ਲਾਦੇਨ ਕਹਿੰਦਾ ਰੁਕੋ ਫਿਰ ।ਉਹ ਘਰ ਗਿਆ ਜਲਦੀ ਹੀ ਵਾਪਸ ਆਇਆ ਤੇ ਕਹਿੰਦਾ ਚਲੋ ਵੀ ਮੁੰਡਿਓ। ਸਾਰੇ ਪਤਾ ਨਹੀਂ ਕਿਹੜੇ ਹੌਂਸਲੇ ਮਗਰ ਲੱਗ ਤੁਰੇ।ਮੈ ਤਾਂ ਬਹਿਗਿਆ ਅੱਡੇ ਤੇ ਈ।ਪਤਾ ਈ ਸੀ ਬੇਲੀ ਸੀ ਮੇਰਾ। ਪਰ ਬਾਕੀ ਕੋਈ ਕਹਿੰਦਾ ਗੰਡਾਸੀ ਲੈ ਕੇ ਆਇਆ, ਕੋਈ ਕਹਿੰਦਾ ਪਿਸਟਲ😂। ਆਖੀਰ ਗੱਡੀ ਦੇ ਨੇੜੇ ਜਾਕੇ ਕਿਸੇੇ ਦੇ  ਪੁੱਛਣ ਤੇ ਕੇ ਕੀ ਲੈ ਕੇ ਆਇਐਂ ਘਰੋਂ? ਲਾਦੇਨ ਕਹਿੰਦਾ ਭਰਾਵੋ ਮੇਰੇ ਜੋ ਪਹਿਲਾਂ ਚੱਪਲਾਂ ਪਾਈਆਂ ਸੀ ਨਾ ਉਹ ਭੱਜਣ ਨਹੀਂ ਦਿੰਦੀਆਂ ਸੀ ਹੁਣ ਚੱਪਲਾਂ ਬਦਲ ਕਿ ਆਇਆਂ਼਼਼਼਼ ਫਿਰ.....ਫਿਰ ਕੀ ....ਦੱਗੜ ਦੱਗੜ ਲਾਦੇਨ ਅੱਗੇ ਬਾਕੀ ਪਿੱਛੇ🤣🤣🤣🤣

ਲਾਦੇਨ 2

ਕੇਰਾਂ ਮੈਂ ਲਾਦੇਨ ਤੇ ਨਿੱਕਾ ਲੁਹਾਰੇ ਅਖਾੜਾ ਦੇਖਣ ਗਏ। ਉਥੇ ਕਿਸੇ ਗੱਲੋਂ ਭੀੜ ਖਿੰਡਾਉਣ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਕਰਤਾ । ਨਿੱਕਾ ਸਭ ਤੋਂ ਅੱਗੇ ਪਿੱਛੇ ਲਾਦੇਨ ਤੇ ਉਸਤੋਂ ਪਿੱਛੇ ਮੈਂ। ਲਾਦੇਨ ਨਾਲੇ ਰੌਲਾ ਪਾਉਂਦਾ ਜਾਵੇ ਹਾਏ ਮਰਗਿਆ ਹਾਏ ਮਾਰਤੇ ਨਾਲੇ ਨਿੱਕੇ ਦੇ ਧੌਣ ਚ ਥੱਪੜ ਜੜਦਾ ਜਾਵੇ । ਨਿੱਕੇ ਨੇ ਵੀ ਮਾਂ ਦੇ ਪੁੱਤ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਬਈ ਮਗਰ ਕੁੱਟਦਾ ਕੌਣ ਆ। ਥੋੜੀ ਦੂਰ ਜਾਕੇ ਮੈਂ ਤੇ ਲਾਦੇਨ ਤਾਂ ਹੱਸ ਹੱਸ ਲੇਟ ਹੋਗੇ । ਨਿੱਕਾ ਕਰੀ ਜਾਵੇ ਮੇਰੇ ਤਾਂ ਕੋਈ ਵੱਜੀ ਈ ਨਹੀਂ । ਜਦੋਂ ਮੈਂ ਦੱਸਿਆ ਫਿਰ ਨਿੱਕੇ ਨੇ ਲਾਦੇਨ ਢਾਹ ਲਿਆ। ਫਿਰ ਲਾਦੇਨ ਨੂੰ ਮਸਾਂ ਛਡਾਇਆ😂😂😂

4.

ਬਾਬਾ ਡੀ.ਪੀ

ਬਾਬਾ ਡੀ.ਪੀ ਸਾਡੇ ਪਿੰਡ ਦਾ ਵਾਲੀਬਾਲ ਦਾ ਪੁਰਾਣਾ ਤੇ ਮਸ਼ਹੂਰ ਪਲੇਅਰ ਹੈ ਤੇ ਉਹਨਾਂ ਦਾ ਲਾਣਾ ਸਾਰੇ ਪਿੰਡ ਤੋਂ ਪੀੜ੍ਹੀ ਦਰ ਪੀੜ੍ਹੀ ਵੱਡਾ ਹੋਣ ਕਰਕੇ ਬਾਬਾ ਕਹਿੰਦੇ ਆ । ਸਾਡੇ ਗੁਰਦੁਆਰਾ ਸਾਹਿਬ ਪਿੰਡ ਤੋਂ ਬਾਹਰਵਾਰ ਹੈ। ਕਾਫੀ ਪੁਰਾਣੀ ਘਟਨਾ ਜਦੋਂ ਸਾਡੇ ਪਿੰਡ ਇੱਕ ਆਵਾਰਾ ਢੱਠਾ ਹੋ ਕਾਫੀ ਗੁਸੈਲਾ ਸੀ ਮਾਰਨ ਪੈ ਜਾਂਦਾ ਸੀ ਬੰਦਿਆਂ ਨੂੰ। ਕੇਰਾਂ ਮੈਂ ਤੇ ਮੇਰਾ ਦੋਸਤ  ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਸੀ। ਸਮਾਂ ਘੁਸਮੁਸਾ ਜਿਹਾ ਸੀ ਸ਼ਾਮ ਵੇਲੇ ਦਾ। ਅੱਗੋਂ ਢੱਠਾ ਮਿਲ ਗਿਆ। ਉਹਨੇ ਵੀ ਮਾਰੀ ਬੜ੍ਹਕ ਸਾਨੂੰ ਜਵਾਕਾਂ ਨੂੰ ਦੇਖ ਕੇ ਅਸੀਂ ਝੱਟ ਛੁੱਟਪੇ ਪਿਛਾਂਹ ਨੂੰ। ਅੱਗੋਂ ਸਾਨੂੰ ਬਾਬਾ ਡੀ. ਪੀ ਮਿਲਗਿਆ। ਅਸੀਂ ਰੁਕਗੇ ਬਾਬੇ ਦੇ ਆਸਰੇ। ਅਸੀਂ ਕਿਹਾ ਬਾਬਾ ਸਾਨੂੰ ਵੀ ਲੈ ਚੱਲ ਨਾਲ । ਕਹਿੰਦਾ ਕਿਉਂ? ਜਦੋਂ ਅਸੀਂ ਦੱਸਿਆ ਕੇ ਅੱਗੋਂ ਢੱਠਾ ਆਉਂਦਾ ਤਾਂ ਬਾਬਾ ਵੀ ਛੁੱਟ ਪਿਆ ਪਿਛਾਂਹ ਨੂੰ ਅਸੀਂ ਉਹਦੇ ਮੱਗਰ। ਮਾਰ ਕੇ ਛਾਲ ਬਾਬਾ ਸਕੂਲ ਦੀ ਕੰਧ ਟੱਪ ਗਿਆ।ਮਗਰੇ ਅਸੀਂ । ਅਸੀਂ ਕਿਹਾ ਜਾਹ ਬਾਬਾ ਤੂੰ ਵੀ ਢੱਠੇ ਤੋਂ ਡਰ ਗਿਆ ਕਹਿੰਦਾ ਕੰਜਰੋ ਮੈਂ ਕੋਈ ਦਾਰਾ ਭਲਵਾਨ ਆਂ ਢੱਠਾ ਤਾਂ ਢੱਠਾ ਈ ਆ। 😂😂🤣🤣

5.ਸੱਪ ਵਾਲੀ ਗੇਮ

ਅਸੀ ਜਦੋਂ ਬਰਜਿੰਦਰਾ ਕਾਲਜ ਫਰੀਦਕੋਟ ਐਮ.ਏ ਕਰਦੇ ਸੀ ਉਦੋਂ ਸਾਡੇ ਗਰੁੱਪ ਵਿਚੋਂ ਇੱਕ ਦੋ ਜਣਿਆਂ ਕੋਲ ਫੋਨ ਸੀ। ਉਹਨਾਂ ਵਿਚੋਂ ਇੱਕ ਸੀ ਡਾਕਟਰ ਫਰਾਇਡ।ਅਸੀ ਸਾਰੇ ਉਹਦੇ ਨੇੜੇ ਜਿਹੇ ਹੋਕੇ ਮੁਬਾਇਲ ਦੇਖਣਾ ਤੇ ਡਾਕਟਰ ਨੇ ਕਹਿਣਾ ਲੈ ਵੀ ਜਗਸੀਰ ਹੋਜੇ ਮੁਕਾਬਲਾ ਸੱਪ ਵਾਲੀ ਗੇਮ ਦਾ।ਜੋ ਹਾਰੇਗਾ ਉਹ ਕੰਟੀਨ ਤੋਂ ਚਾਹ ਪਿਆਊ ਨਾਲ ਹੌਟਡਾਗ ।ਮੈਂ ਵੀ ਤਿੜੇ ਤਿੜੇ ਰੋਜ ਈ ਸ਼ਰਤ ਲਾਉਣੀ ਤੇ ਰੋਜ ਈ ਹਰ ਜਾਣਾ। ਬਹੁਤ ਚਾਹ ਪਿਆਈ ਡਾਕਟਰ ਫਰਾਇਡ ਨੂੰ।ਉਸਤੋਂ ਕਈ ਸਾਲ ਬਾਅਦ ਡਾਕਟਰ ਨੇ ਦਸਿਆ ਕਿ ਮੈਂ ਤੇਰੇ ਵਾਰੀ ਗੇਮ ਦੀ ਸਪੀਡ ਤੇਜ ਕਰ ਦਿੰਦਾ ਸੀ ਤੇ ਤੂੰ ਜਲਦੀ ਆਊਟ ਹੋ ਜਾਂਦਾ ਸੀ ਤੇ ਆਪਣੇ ਵਾਰੀ ਘੱਟ ਸਪੀਡ 😀ਫਿਰ ਪਤਾ ਲੱਗਾ ਵੀ ਡਾਕਟਰ ਰੋਜ 300 ਸਕੋਰ ਕਿਵੇਂ ਬਣਾਉਂਦਾ ਸੀ ਤੇ ਮੇਰੇ ਤੋਂ 50 ਵੀ ਨਹੀਂ ਬਣਦੇ ਸੀ।🤣

6.

ਸੂਈ ਨਹੀਂ ਦਿਸਦੀ😚

ਕੇਰਾਂ ਅਸੀਂ ਪੁੰਨਿਆ ਨਹਾਉਣ ਨਾਨਕਸਰ ਗਏ ਪੰਜ ਸੱਤ ਦੋਸਤ। ਰਾਤ ਨੂੰ ਕੋਈ ਦਸ ਗਿਆਰਾਂ ਵਜੇ ਇੱਕ ਬਰਾਂਡੇ ਵਿੱਚ ਪੱਖੇ ਹੇਠਾਂ ਪੈ ਗਏ। ਉਥੇ ਇੱਕ ਪਹਿਲਾਂ ਭਾਈ ਸਾਹਬ ਸੁੱਤੇ ਪਏ ਸੀ। ਅਸੀਂ ਆਪਣੀ ਮੁੰਡੀਹਰ ਮੱਤ ਖੱਪ ਪਾਉਣ ਲੱਗੇ। ਉਹ ਭਾਈ ਸਾਹਬ ਦੇ ਆਰਾਮ ਵਿੱਚ ਖਲਲ ਪੈ ਗਿਆ। ਉਹ ਕਹਿੰਦਾ " ਪਿਆ ਨਹੀਂ ਜਾਂਦਾ ਤੁਹਾਡੇ ਤੋਂ'। ਬਸ ਫਿਰ ਪਤਾ ਨਹੀਂ ਕਦੋਂ ਨੀਂਦ ਆਗੀ। 

  ਰਾਤ ਨੂੰ ਪਤਾ ਨਹੀਂ ਕਿੰਨਾ ਟੈਮ ਹੋਣਾ ਮੈਂ ਉਠਕੇ ਠੀਕ ਹੋਕੇ ਪੈਣ ਲੱਗਾ ਉਹ ਭਾਈ ਸਾਹਬ ਕਹਿੰਦੇ ਛੋਟੇ ਟੈਮ ਕੀ ਹੋ ਗਿਆ , ਮੇਰੇ ਕੋਲ ਨਾ ਘੜੀ ਸੀ ਤੇ ਨਾ ਈ ਉਦੋਂ ਫੋਨ ਹੁੰਦਾ ਸੀ। ਮੈਂ ਆਪਣੇ ਨਾਲ ਦੇ ਮਿੱਤਰ ਨਿੱਕੇ ਨੂੰ ਕਿਹਾ ਟੈਮ ਦੱਸੀਂ ਉਹਦੇ ਕੋਲ ਘੜੀ ਸੀ। ਨਿੱਕਾ ਉਠ ਕੇ ਕਹਿੰਦਾ 11 ਵੱਜਗੇ। ਭਾਈ ਸਾਹਬ ਕਹਿੰਦੇ 11 ਵਜੇ ਤਾਂ ਥੋਨੂੰ ਨੀਂਦ ਵਾਲੀ ਗੋਲੀ ਦਿੱਤੀ ਸੀ ਟੈਮ ਜਿਆਦਾ ਹੋਣਾ। ਨਿੱਕਾ ਫਿਰ ਉੱਠਿਆ ਦੇਖ ਕੇ ਘੜੀ ਕਹਿੰਦਾ 12 ਵਜਗੇ। ਭਾਈ ਸਾਹਬ ਫਿਰ ਕਹਿੰਦੇ ਨਹੀਂ ਕਾਕਾ ਟੈਮ ਜਿਆਦਾ ਹੋਣਾ। ਨਿੱਕਾ ਫਿਰ ਉੱਠਿਆ ਕਹਿੰਦਾ 2 ਵੱਜਗੇ। ਭਾਈ ਸਾਹਬ ਤਾਂ ਫਿਰ ਨਾ ਮੰਨਿਆ। ਨਿੱਕਾ ਕਹਿੰਦਾ ਭਰਾਵਾ ਸੌਂ ਲੈਣਦੇ। ਮੈਨੂੰ ਘੜੀ ਦੀ ਇੱਕ ਸੂਈ ਨਹੀ ਦਿਸਦੀ ਤੂੰ ਜਿੰਨੇ ਮਰਜੀ ਸਮਝਲਾ😂

7.

ਕੇਰਾਂ ਲਾਦੇਨ ਕੀ ਬੂਰੀ ਮੱਝ ਬਣੀ (ਮਤਲਬ ਨਵੇਂ ਦੁੱਧ ਹੋਈ)

 ਲਦੇਨ ਦੇ ਡੈਡੀ ਨੇ ਲਦੇਨ ਨੂੰ ਕਹਿਤਾ ਬੇਟਾ ਕਾਪੀ ਤੇ ਨੋਟ ਕਰਦੇ ਕਿ ਅੱਜ ਮੱਝ ਬਣੀ।

ਲਦੇਨ ਨੇ ਹੁਕਮ ਦੀ ਤਾਮੀਲ ਕਰਤੀ।

ਇੱਕ ਦਿਨ ਮੱਝ ਦੇ ਦਿਨ ਪੂਰੇ ਹੋਣ ਦਾ ਹਿਸਾਬ ਕਿਤਾਬ ਚੱਲ ਪਿਆ। ਲਦੇਨ ਨੂੰ ਹੁਕਮ ਹੋਇਆ ਕਿ ਕਾਪੀ ਲਿਆਵੇ । ਪਰ ਕਾਪੀ ਲੱਭੇ ਕਿਤੋਂ ਨਾ। ਅਖੀਰ ਪੰਜਵੇਂ ਸੱਤਵੇਂ ਦਿਨ ਲਦੇਨ ਨੇ ਕਾਪੀ ਲੱਭ ਕੇ ਪਿਤਾ ਸ੍ਰੀ ਦੇ ਹੱਥ ਤੇ ਧਰ ਦਿਆਂ ਕਿਹਾ ਲਉ ਪਿਤਾ ਜੀ ਹੁਣ ਦੇਖੋ ਕਦੋਂ ਦਿਨ ਪੂਰੇ ਹੋਣੇ ।

ਕਾਪੀ ਦੀ ਫਰੋਲਾ ਫਰਾਲੀ ਕਰਨ ਤੋਂ ਬਾਅਦ ਆਖਿਰ ਉਹ ਪੰਨਾ ਵੀ ਮਿਲ ਗਿਆ ਜਿੱਥੇ ਲਦੇਨ ਨੇ ਚੰਦ ਚੜਾਇਆ ਸੀ ਕਾਪੀ ਦੇ ਉਸ ਪੰਨੇ ਤੇ ਲਿਖਿਆ ਸੀ

 "ਅੱਜ ਬੂਰੀ ਮੱਝ ਬਣੀ"

ਜਗਸੀਰ ਉੱਗੋਕੇ

9878387150

टिप्पणियाँ

इस ब्लॉग से लोकप्रिय पोस्ट

The Power of Mindfulness: Cultivating Presence in a Busy World

ਹਰ ਗੱਲ...

ਇੱਕ ਭਿਆਨਕ ਸੁਫ਼ਨਾ