ਇੱਕ ਭਿਆਨਕ ਸੁਫ਼ਨਾ

 ਮੈਨੂੰ ਜਦ ਵੀ ਰਾਤ ਨੂੰ ਕੋਈ ਭਿਆਨਕ ਜਾਂ ਡਰਾਵਨਾ ਸੁਫਨਾ ਆਉਂਦਾ ਹੈ ਤਾਂ ਮੇਰੀ ਅੱਖ ਖੁੱਲ੍ਹ ਜਾਂਦੀ ਹੈ।ਦਿਲ ਜੋਰ ਜੋਰ ਦੀ ਧੜਕ ਰਿਹਾ ਹੁੰਦਾ ਹੈ। ਜਦ ਮੇਰੀ ਅੱਖ ਖੁੱਲ੍ਹ ਦੀ ਹੈ ਤਾਂ ਮੈਂ ਕਹਿੰਦਾ ਹਾਂ, ਰੱਬਾ ਤੇਰਾ ਸ਼ੁਕਰ ਏ , ਇਹ ਸੁਫਨਾ ਹੀ ਸੀ।

ਉਸ ਦਿਨ ਵੀ ਜੋ ਘਟਨਾ ਮੇਰੀ ਜਿੰਦਗੀ  ਵਿੱਚ ਵਾਪਰੀ ਉਹ ਇਕ ਭਿਆਨਕ ਸੁਫਨਾ ਹੀ ਸੀ। ਉਸ ਦਿਨ ਮੈਂ ਪੌਣੇ ਕੁ ਨੌਂ ਸਕੂਲ ਗਿਆ,  ਆਪਣੇ ਪਿਤਾ ਨੂੰ ਟੀ.ਵੀ ਲਾ ਕੇ ਦਿੱਤਾ ਕਿਉਂ ਕਿ ਉਹ ਕਹਿੰਦੇ ਮੈਂ ਖਬਰਾਂ ਸੁਣਨੀਆਂ ਨੇ। ਮੈਂ ਨਿਊਜ ਚੈਨਲ ਲਾ ਕੇ ਦਿੱਤਾ।  ਮੇਰੇ ਪਿਤਾ ਜੀ ਦੀ ਇਕ ਆਦਤ ਸੀ ਕਿ ਮੈਂ ਜਦ ਵੀ ਸਕੂਲ ਜਾਣ ਲੱਗਦਾ ਤਾਂ ਉਹ ਮੈਨੂੰ ਪਿਛੋਂ ਆਵਾਜ ਮਾਰ ਕੇ ਕੋਈ ਕੰਮ ਕਹਿ ਦਿੰਦੇ।ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਪਿਛੋਂ ਆਵਾਜ ਨਾ ਮਾਰਿਆ ਕਰੋ। ਉਸ ਦਿਨ ਜਦ ਮੈਂ ਸਕੂਲ ਗਿਆ ਤਾਂ ਉਹਨਾਂ ਨੇ ਮੈਂਨੂੰ ਆਵਾਜ ਨਹੀਂ ਮਾਰੀ।ਮੈਂ ਸੋਚਿਆ ਅੱਜ ਉਹਨਾਂ ਨੂੰ ਪਤਾ ਈ ਨੀ ਲੱਗਾ,  ਮੈਨੂੰ ਆਵਾਜ ਨਹੀਂ ਮਾਰ ਸਕੇ।

ਉਸ ਦਿਨ ਸਕੂਲ ਹਾਫ ਡੇ ਸੀ। ਮੈਂ ਤੇ ਮੇਰੇ ਮਿੱਤਰ ਅਧਿਆਪਕ ਨੇ ਦਸ ਕੁ ਵਜੇ ਆਪਣੇ ਇਕ ਦੇ ਪਿੰਡ ਜਾਣ ਦਾ ਪ੍ਰੋਗਰਾਮ ਬਣਾਇਆ।  ਕੋਈ ਗਿਆਰਾਂ ਕੁ ਵਜੇ ਮੇਰਾ ਨਜਦੀਕੀ ਦੋਸਤ ਮੈਨੂੰ ਸਕੂਲ ਤੋਂ ਬੁਲਾਉਣ ਆਇਆ। ਉਸ ਨੇ ਦੱਸਿਆ ਕਿ ਮੇਰੇ ਪਿਤਾ ਜੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ। ਮੈਂ ਘਰ ਚਲਾ ਗਿਆ।  ਮੇਰੇ ਘਰ ਮੇਰੇ ਸਕੇ ਆਂਢੀ ਗੁਆਂਢੀ ਇਕੱਠੇ ਹੋਏ ਖੜੇ ਸਨ। ਮੈਂ ਸਿੱਧਾ ਆਪਣੇ ਪਿਤਾ ਜੀ ਦੇ ਮੰਜੇ ਕੋਲ ਗਿਆ।  ਉਹ ਲੇਟੇ ਹੋਏ ਸਨ। ਮੈਂ ਉਹਨਾਂ ਨੂੰ ਬੁਲਾਇਆ ਉਹ ਨਹੀਂ ਬੋਲੇ।ਆਵਾਜਾਂ ਮਾਰੀਆਂ । ਮੇਰੇ ਪੈਰਾਂ ਹੇਠੋਂ ਜਮੀਨ ਕੰਬ ਗਈ।  ਨਹੀਂ , ਇਹ ਨਹੀਂ ਹੋ ਸਕਦਾ। ਮੇਰੇ ਪਿਤਾ ਦੀ ਮੌਤ! ਇਹ ਕਿਵੇਂ ਹੋ ਸਕਦਾ? ਉਹ ਤਾਂ ਬਿਲਕੁਲ ਠੀਕ ਸਨ। ਏਡੀ ਛੇਤੀ ਕੀ ਹੋ ਸਕਦਾ ਉਹਨਾਂ ਨੂੰ ? ਮੈਂ ਰੋਇਆ , ਬਹੁਤ ਰੋਇਆ, ਪਰ ਮੇਰੀਆਂ ਅੱਖਾਂ ਵਿਚ ਹੰਝੂ ਨਹੀਂ ਆਏ। ਕਹਿੰਦੇ ਅੱਖਾਂ ਵਿਚ ਹੰਝੂ ਉਦੋਂ ਆਉਂਦੇ ਜਦੋਂ ਦਿਲ ਰੋਂਦਾ ਹੈ। ਪਰ ਮੇਰਾ ਦਿਲ ਤਾਂ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ।



ਮੇਰੀ ਮਾਤਾ ਵੀ ਬਹੁਤ ਰੋਈ। ਥੋੜੇ ਚਿਰ ਬਾਅਦ ਮੇਰੇ ਰਿਸ਼ਤੇਦਾਰ,  ਦੋਸਤ ਮਿੱਤਰ ਸਭ ਪਹੁੰਚ ਗਏ।  ਮੇਰੀਆਂ ਭੈਣਾਂ ਨੇ ਆਪਣੇ ਆਪ ਨੂੰ ਖੂਬ ਖਪਾਇਆ। ਮੈਂਨੂੰ ਫਿਰ ਵੀ ਯਕੀਨ ਨਹੀਂ ਸੀ ਕਿ ਮੇਰੇ ਨਾਲ ਏਡੀ ਵੱਡੀ ਘਟਨਾ ਵਾਪਰ ਗਈ।  ਆਪਣੇ ਮੋਢੇ ਤੇ ਪਿਤਾ ਦੀ ਅਰਥੀ ਚੁੱਕੀ।  ਮੈਂ ਫਿਰ ਰੋਇਆ। ਆਪਣੇ ਹੱਥੀਂ  ਅਗਨੀ ਦਿੱਤੀ ਆਪਣੇ ਪਿਤਾ ਦੀ ਚਿਖਾ ਨੂੰ ।  ਏਨਾ ਭਿਆਨਕ ਕਾਰਜ ਮੈਂ ਆਪਣੇ ਹੱਥੀਂ ਕੀਤਾ। ਹੌਲੀ ਹੌਲੀ ਸਭ ਰਸਮਾਂ ਪੂਰੀਆਂ ਕੀਤੀਆਂ। ਸਭ ਆਪਣੇ ਹੱਥੀਂ।  ਪਰ ਮੈਨੂੰ ਅਜੇ ਵੀ ਇਹ ਸੁਫਨਾ ਲੱਗ ਰਿਹਾ ਸੀ।ਮੇਰਾ ਦਿਲ ਅਜੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਸੀ।

ਹੌਲੀ ਹੌਲੀ ਮੈਂ ਆਪਣੇ ਸਾਰੇ ਰੁਟੀਨ ਦੇ ਕੰਮ ਕਰਨ ਲੱਗਾ ਹਾਂ। ਮੈਂ ਸਕੂਲ ਜਾਂਦਾ ਹਾਂ। ਆਪਣੇ ਪਿਤਾ ਦੀ ਉਸ ਆਵਾਜ ਨੂੰ ਲੋਚਦਾ ਹਾਂ ਜੋ ਮੈਨੂੰ ਪਿਛੋਂ ਵੱਜਦੀ ਸੀ। ਮੈਂ ਸੋਚਦਾ ਉਸ ਦਿਨ ਉਹਨਾਂ ਨੇ ਮੈਨੂੰ ਆਵਾਜ ਕਿਉਂ ਨਹੀਂ ਮਾਰੀ? ਆਖਰੀ ਵੇਲੇ ਉਹ ਕੀ ਸੋਚ ਰਹੇ ਸਨ। ਉਹਨਾਂ ਦੇ ਉਹ ਚਾਅ , ਉਹ ਸੁਫਨੇ ਜੋ ਅਧੂਰੇ ਸਨ। ਉਹਨਾਂ ਦਾ ਮੇਰੇ ਪੱਕੇ ਹੋਣ ਦਾ ਸੁਫਨਾ... ਹਾਏ! ਉਹਨਾ ਦੇ ਚਾਅ ਅਧੂਰੇ ਹੀ ਰਹਿਗੇ। ਹੁਣ ਤਾਂ ਉਹਨਾ ਦੇ ਖੁਸ਼ੀਆਂ ਮਾਨਣ ਦੇ ਦਿਨ ਸਨ। ਮੈਂ ਚਾਹੁੰਦਾ ਸੀ ਜਦ ਮੈਂ ਗੱਡੀ ਖਰੀਦਾਂਗਾ ਸਭ ਤੋਂ ਪਹਿਲਾਂ ਮੇਰੇ ਪਿਤਾ ਜੀ ਮੇਰੇ ਨਾਲ ਬੈਠਣਗੇ। ਗੱਡੀ ਤੇ ਪਿਤਾ ਦਾ ਨਾਮ ਲਿਖਿਆ ਹੋਵੇਗਾ। ਪਰ ਹੁਣ ਮੇਰੇ ਲਈ ਉਹ ਸੁਫਨੇ , ਖੁਸ਼ੀਆਂ ਹਮੇਸ਼ਾ ਲਈ ਅਧੂਰੀਆਂ ਹਨ ਕਿਉਂ ਕਿ ਮੇਰੀ ਹਰ ਖੁਸ਼ੀ , ਹਰ ਸੁਫਨੇ ਵਿਚ ਮੇਰੇ ਪਿਤਾ ਜੀ ਸ਼ਾਮਿਲ ਸਨ। ਮੇਰੇ ਇਸ ਇਕ ਹੀ ਸੁਫਨੇ ਨੇ ਮੇਰੇ ਸਾਰੇ ਸੁਫਨੇ ਤੋੜ ਦਿੱਤੇ।  ਮੈਨੂੰ ਅੱਜ ਵੀ ਇਹ ਭਿਆਨਕ ਸੁਫਨਾ ਡਰਾਉਂਦਾ ਹੈ। ਮੈਂ ਚਾਹੁੰਦਾ ਹਾਂ ਕਿ ਮੇਰਾ ਇਹ ਸੁਫਨਾ ਟੁੱਟ ਜਾਵੇ। ਮੈਂ ਜਾਗ ਕੇ ਫਿਰ ਆਖਾਂ , ਰੱਬਾ ਤੇਰਾ ਸ਼ੁਕਰ ਹੈ, ਇਹ ਸੁਫਨਾ ਹੀ ਸੀ। ਪਰ ਇਹ ਸੁਫਨਾ ਅਜੇ ਵੀ ਜਾਰੀ ਹੈ। ਮੈਨੂੰ ਡਰ ਵੀ ਲੱਗ ਰਿਹਾ , ਮੈਂ ਕੰਬ ਵੀ ਰਿਹਾਂ। ਪਰ ਮੇਰੀ ਅੱਖ ਨਹੀਂ ਖੁੱਲ੍ਹ ਰਹੀ। ਮੇਰਾ ਇਹ ਸੁਫਨਾ ਟੁੱਟ ਨਹੀਂ ਰਿਹਾ। ਪਤਾ ਨਹੀਂ ਕਦੋਂ ਤੱਕ ਮੈਨੂੰ ਇਹ ਭਿਆਨਕ ਸੁਫਨਾ ਡਰਾਵੇਗਾ।
    " ਤੁਰ ਗਏ ਦੀ ਪੈੜ 'ਤੇ ਕੀਤੀ ਇਬਾਦਤ ਬੈਠ ਕੇ,
    ਉਸਦੇ ਪਰਤਣ ਦਾ ਭਰਮ ਵੀ ਪਾਲਿਆ ਸੀ ਨਾਲ ਨਾਲ।                                                     (ਜਗਤਾਰ)

"
ਜਗਸੀਰ ਸਿੰਘ ਉਗੋਕੇ
9878387150
thewhrighter.blogspot.com 

टिप्पणियाँ

इस ब्लॉग से लोकप्रिय पोस्ट

The Power of Mindfulness: Cultivating Presence in a Busy World

ਹਰ ਗੱਲ...