ਕੱਚਾ ਮਾਸਟਰ ਪ੍ਰੀਤਲੜੀ ਅੰਕ ਦਸੰਬਰ 2011

ਮਿੰਦਰ ਦੇ ਇਕ ਸਕੂਲ ਵਿੱਚ ਮਾਸਟਰ ਲੱਗਣ ਦੀ ਖ਼ਬਰ ਸਾਰੇ ਪਿੰਡ ਦੇ ਹਰ ਇੱਕ ਵਿਅਕਤੀ ਦੇ ਮੂੰਹ ਤੇ ਸੀ।ਮਿੰਦਰ ਕਾਫੀ ਪੜ੍ਹਿਆ ਲਿਖਿਆ ਸੀ ਤੇ ਹੁਣ ਉਸਨੂੰ ਪਿੰਡ ਤੋਂ ਥੋੜ੍ਹੀ ਦੂਰ ਇੱਕ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਮਾਸਟਰ ਦੀ ਨੌਕਰੀ ਮਿਲ ਗਈ ਸੀ। ਪਿੰਡ ਵਿੱਚ ਮਿੰਦਰ ਬਾਰੇ ਚਰਚਾ ਛਿੜੀ ਹੋਈ ਸੀ । ਕੋਈ ਇਸਨੂੰ ਮਿੰਦਰ ਦੀ ਮਿਹਨਤ ਤੇ ਕੋਈ ਉਸਦੀ ਚੰਗੀ ਕਿਸਮਤ ਕਹਿੰਦਾ ਸੀ। ਕਈ ਵਿਅੰਗ ਵੀ ਕੱਸਦੇ ਕਿ ਲੱਗ ਗਿਆ ਏ ਕੱਚਾ ਮਾਸਟਰ।
ਮਿੰਦਰ ਨੂੰ ਪ੍ਰਾਇਮਰੀ ਸਕੂਲ ਵਿਚ 3500 ਰੁਪਏ ਤੇ ਨੌਕਰੀ ਮਿਲੀ ਸੀ। ਇਹ ਤਨਖਾਹ ਕਾਫੀ ਤਾਂ ਨਹੀਂ ਸੀ ਪਰ ਫਿਰ ਵੀ ਮਿੰਦਰ ਕਾਫੀ ਖੁਸ਼ ਸੀ ਕਿਉਂ ਕਿ ਗਰੀਬ ਪਰਿਵਾਰ ਨੂੰ ਕੋਈ ਵੀ ਮਿਲੀ ਤਨਖਾਹ ਕੁਝ ਤਾਂ ਆਸਰਾ ਦਿੰਦੀ ਹੀ ਹੈ। ਉਸ ਰਾਤ ਮਿੰਦਰ ਸੌਂ ਨਹੀ ਸਕਿਆ ਤੇ ਸਵੇਰੇ ਜਲਦੀ ਉਠ ਕੇ ਸਾਢੇ ਸੱਤ ਵਾਲੀ ਬੱਸ ਤੇ ਜਾਣ ਲਈ ਤਿਆਰ ਹੋ ਗਿਆ। 
ਬੱਸ ਦਾ ਇੰਤਜ਼ਾਰ ਵੀ ਮਿੰਦਰ ਨੂੰ ਲੰਮਾ ਹੀ ਲੱਗ ਰਿਹਾ ਸੀ।ਫਿਰ ਬੱਸ ਆਈ ਤੇ ਮਿੰਦਰ ਨੇ ਆਪਣੀ ਮੰਜ਼ਿਲ ਵੱਲ ਸਫਰ ਸ਼ੁਰੂ ਕੀਤਾ।ਬੱਸ ਵਿਚ ਮਿੰਦਰ ਇਕ ਬਜ਼ੁਰਗ ਬਾਬੇ ਨਾਲ ਹੀ ਸਤਿ ਸ੍ਰੀ ਅਕਾਲ ਕਰਕੇ ਬੈਠ ਗਿਆ। ਬਾਬੇ ਦੇ ਪੁੱਛਣ ਤੇ ਮਿੰਦਰ ਦੱਸਦਾ ਹੈ ਕਿ ਉਹ ਇਕ ਸਕੂਲ ਵਿੱਚ ਮਾਸਟਰ ਲੱਗਾ ਹੈ ਤੇ ਅੱਜ ਉਸਦਾ ਪਹਿਲਾ ਦਿਨ ਹੈ। ਜਦੋਂ ਬਾਬੇ ਨੂੰ ਮਿੰਦਰ ਦੀ ਘੱਟ ਤਨਖ਼ਾਹ ਬਾਰੇ ਪਤਾ ਲੱਗਦਾ ਹੈ ਤਾਂ ਉਹ ਪੁੱਛਦਾ ਹੈ ਕਿ ਤੇਰੀ ਤਨਖ਼ਾਹ ਏਨੀ ਘੱਟ ਕਿਉਂ ਹੈ ਅੱਜਕਲ ਤਾਂ ਮਾਸਟਰਾਂ ਦੀ ਤਨਖ਼ਾਹ ਬੜੀ ਹੁੰਦੀ ਹੈ? ਮਿੰਦਰ ਨੇ ਹੱਸ ਕਿ ਕਿਹਾ  " ਬਾਬਾ ਜੀ ਮੈਂ ਅਜੇ ਕੱਚਾ ਮਾਸਟਰ ਹਾਂ।" ਇਹ ਕਹਿ ਕੇ ਮਿੰਦਰ ਆਪਣੇ ਅੱਡੇ ਉੱਤੇ ਉਤਰ ਗਿਆ। 
ਮਿੰਦਰ ਦੀ ਜਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਹੋ ਚੁੱਕਾ ਸੀ। ਆਪਣੇ ਵਧੀਆ ਸੁਭਾਅ ਅਤੇ ਮਿਹਨਤ ਨਾਲ ਉਹ ਸਕੂਲ ਦੇ ਬੱਚਿਆਂ ਅਤੇ ਅਧਿਆਪਕ ਵਿੱਚ ਕਾਫੀ ਹਰਮਨ ਪਿਆਰਾ ਹੋ ਗਿਆ। ਜਿੰਦਗੀ ਮਿੰਦਰ ਨੂੰ ਖੁਸ਼ੀਆਂ ਵਿੱਚ ਲਹਿਲਹਾਉਂਦੀ ਜਾਪਦੀ ਲੱਗੀ। ਮਹੀਨੇ ਵਿਚ ਦੋ ਚਾਰ ਵਾਰ ਉਹੀ ਬਾਬਾ ਮਿੰਦਰ ਨੂੰ ਬੱਸ ਵਿਚ ਮਿਲਦਾ ਤੇ ਦੋਵੇਂ ਸੁੱਖ ਦੁਖ ਸਾਂਝਾ ਕਰਦੇ।  ਮਿੰਦਰ ਬਾਬੇ ਨੂੰ ਪੜ੍ਹਾਉਣ ਦੇ ਨਵੇਂ ਤਰੀਕਿਆਂ ਬਾਰੇ ਦਸਦਾ ਤੇ ਹਮੇਸ਼ਾ ਖਿੜੇ ਮੱਥੇ ਰਹਿੰਦਾ।
ਸਮਾਂ ਗੁਜਰਦਾ ਗਿਆ।  ਮਿੰਦਰ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਮਾਸਟਰ ਲੱਗਿਆਂ। ਅੱਜ ਮਿੰਦਰ ਕੁਝ ਦਿਨਾਂ ਤੋਂ ਉਦਾਸ ਸੀ। ਅੱਜ ਉਹੀ ਬਜ਼ੁਰਗ ਬਾਬਾ ਵੀ ਬੱਸ ਵਿਚ ਬੈਠਾ ਸੀ। ਬਾਬੇ ਦੇ ਪੁੱਛਣ ਤੇ ਮਿੰਦਰ ਨੇ ਦੱਸਿਆ ਕਿ ਉਸਦੀ ਮਾਂ ਬਹੁਤ ਬਿਮਾਰ ਹੈ। ਘਰ ਦੀ ਹਾਲਤ ਵੀ ਠੀਕ ਨਹੀਂ। ਮਾਂ ਦੀ ਬੀਮਾਰੀ ਦਾ ਵੀ ਖਰਚਾ ਪੂਰਾ ਨਹੀਂ ਹੁੰਦਾ। ਉਪਰੋਂ ਮਿੰਦਰ ਦੇ ਸਕੂਲ ਦਾ ਨਤੀਜਾ ਵਧੀਆ ਨਾ ਆਉਣ ਕਰਕੇ ਮਿੰਦਰ ਦੀ ਤਨਖਾਹ ਰੋਕ ਲਈ ਗਈ ਸੀ। ਬਾਬਾ ਵੀ ਉਦਾਸ ਹੋ ਗਿਆ ਤੇ ਮਿੰਦਰ ਨੂੰ ਪੁੱਛਿਆ ਕਿ ਤੇਰੀ ਤਨਖ਼ਾਹ ਹੀ ਕਿਉਂ ਰੋਕੀ ਗਈ? ਤਾਂ ਮਿੰਦਰ ਨੇ ਕਿਹਾ ,  ਬਾਬਾ ਜੀ ਕਿਉਂ ਕਿ ਮੈਂ ਕੱਚਾ ਮਾਸਟਰ ਹਾਂ।"


ਕੋਈ ਦੋ ਮਹੀਨਿਆਂ ਬਾਅਦ ਅੱਜ ਬਾਬਾ ਫਿਰ ਬੱਸ ਵਿਚ ਸਫਰ ਕਰ ਰਿਹਾ ਸੀ। ਪਰ ਅੱਜ ਮਿੰਦਰ ਬੱਸ ਤੇ ਨਹੀਂ ਚੜ੍ਹਿਆ।  ਫਿਰ ਬਾਬੇ ਨੂੰ ਕਿਸੇ ਨੇ ਦੱਸਿਆ ਕਿ ਮਿੰਦਰ ਨੇ ਖੁਦਕਸ਼ੀ ਕਰ ਲਈ ਹੈ। ਬਾਬਾ ਕੰਬ ਗਿਆ।  ਪਤਾ ਲੱਗਿਆ ਕਿ ਮਿੰਦਰ ਦੀ ਮਾਂ ਦੀ ਬੀਮਾਰੀ ਤੇ ਬਹੁਤ ਖਰਚਾ ਆ ਰਿਹਾ ਸੀ। ਘਰ ਦੀ ਆਰਥਿਕ  ਹਾਲਤ ਵਿਗੜ ਗਈ।  ਉਪਰੋਂ ਮਿੰਦਰ ਨੂੰ ਸਕੂਲ ਵਿਚੋਂ ਰਿਲੀਵ ਕਰ ਦਿੱਤਾ ਗਿਆ।  ਬਾਬਾ ਜੀ ਨੇ ਪੁੱਛਿਆ ਕਿ ਮਿੰਦਰ ਨੂੰ ਰਿਲੀਵ ਕਿਉਂ ਕੀਤਾ ਗਿਆ ਤਾਂ ਉਸ ਨੇ ਕਿਹਾ, ਮਿੰਦਰ ਕੱਚਾ ਮਾਸਟਰ ਸੀ।"
ਬਾਬਾ ਉਦਾਸ ਹੋ ਗਿਆ।  ਉਸਦੀਆਂ ਅੱਖਾਂ ਵਿਚ ਹੰਝੂ ਆ ਗਏ।  ਮਿੰਦਰ ਦੀ ਜਿੰਦਗੀ ਦੇ ਭਿਆਨਕ ਅੰਤ ਬਾਰੇ ਸੋਚਣ ਲੱਗਾ।  ਬਾਬੇ ਦੀ ਸੋਚ ਦੀ ਲੜੀ ਉਦੋਂ ਟੁੱਟੀ ਜਦੋਂ ਬੱਸ ਇਕ ਚੌਕ ਵਿਚ ਰੁਕੀ । ਬਾਬਾ ਵੀ ਹੋਰ ਸਵਾਰੀਆਂ ਨਾਲ ਥੱਲੇ ਉਤਰਿਆ ਤਾਂ ਦੇਖਿਆ ਕਿ ਹਜਾਰਾਂ ਦੀ ਗਿਣਤੀ ਵਿਚ ਨੌਜਵਾਨ ਮੁੰਡੇ ਕੁੜੀਆਂ ਨੇ ਚੱਕਾ ਜਾਮ ਕੀਤਾ ਹੋਇਆ ਸੀ। ਕੜਕਦੀ ਧੁੱਪ ਵਿਚ ਨਾਹਰੇ ਲਗਾ ਰਹੇ ਸਨ।  ਬਾਬੇ ਨੇ ਇਕ ਨੌਜਵਾਨ ਨੂੰ ਪੁੱਛਿਆ ਕਿ ਪੁੱਤਰ ਤੁਸੀਂ ਚੱਕਾ ਜਾਮ ਕਿਉਂ ਕੀਤਾ ਹੋਇਆ? ਤਾਂ ਉਸ ਨੇ ਦੱਸਿਆ ਕਿ ਅਸੀਂ ਸਾਰੇ ਮਾਸਟਰ ਲੱਗੇ ਹੋਏ ਆਂ । ਪਰ ਸਰਕਾਰ ਸਾਨੂੰ ਕਦੇ ਵੀ ਹਟਾ ਕਿ ਘਰ ਭੇਜ ਸਕਦੀ ਹੈ। ਕਿਉਂ ਕਿ ਅਸੀਂ ਕੱਚੇ ਮਾਸਟਰ ਹਾਂ। ਤਾਂ ਹੀ ਅਸੀਂ ਇਹ ਚੱਕਾ ਜਾਮ ਕੀਤਾ ਹੋਇਆ ਹੈ। ਕਿ ਸਾਡੀ ਜਿੰਦਗੀ ਨਾਲ ਇਹ ਖਿਲਵਾੜ ਬੰਦ ਕੀਤਾ ਜਾਵੇ। ਬਾਬਾ ਮਿੰਦਰ ਵਰਗੇ ਹਜਾਰਾਂ ਕੱਚੇ ਮਾਸਟਰਾਂ ਨੂੰ ਦੇਖ ਕਿ ਕੰਬ ਉਠਿਆ ਤੇ ਉਸਦੇ ਮੂੰਹੋਂ ਆਪ ਮੁਹਾਰੇ ਨਾਅਰੇ ਗੂੰਜਣ ਲੱਗੇ " ਕੱਚੇ ਮਾਸਟਰਾਂ ਪੱਕੇ ਕਰੋ, ਪੱਕੇ ਕਰੋ।


ਜਗਸੀਰ ਸਿੰਘ ਉਗੋਕੇ
9878387150
Thewhrighter.blogspot.com 


टिप्पणियाँ

इस ब्लॉग से लोकप्रिय पोस्ट

ਕਪਤਾਨ ਦੀ ਜੀਪ (ਕ੍ਰਿਕੇਟ ਫਲੈਸ਼ ਬੈਕ)

ਟਿੱਬਿਆਂ ਦੇ ਪੁੱਤ

ਇੱਕ ਮਹੀਨੇ ਦੇ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੀਆਂ ਜਿੱਤਾਂ