ਟਾਈਗਰ

  • ਟਾਈਗਰ ਭੂਰੇ ਤੇ ਚਿੱਟੇ ਰੰਗ ਦਾ ਕੁੱਤਾ _ ਕੁੱਤਾ ਕਾਹਦਾ ਟਾਈਗਰ ਹੀ ਸੀ। ਟਾਈਗਰ ਕੋਈ ਖਾਸ ਕਿਸਮ ਦਾ ਕੁੱਤਾ ਨਹੀਂ ਸੀ। ਬਸ ਲੁੱਟਰ ਹੀ ਸੀ।ਇਕ ਵਾਰ ਮੇਰੇ ਪਿਤਾ ਜੀ ਖੇਤੋਂ ਪੱਠਿਆਂ ਦੀ ਪੰਡ ਸਿਰ ਤੇ ਚੁੱਕੀ ਆਉਂਦੇ ਸੀ। ਰਸਤੇ ਵਿਚ ਹੀ ਇਹ ਕਤੂਰਾ ਠੰਡ ਵਿਚ ਠਾਰ ਠਾਰ ਕਰਦਾ ਉਹਨਾਂ ਦੇ ਪਿੱਛੇ ਪਿੱਛੇ ਘਰ ਪਹੁੰਚ ਗਿਆ।  ਅਸੀਂ ਉਸ ਨੂੰ ਘਰ ਹੀ ਰੱਖ ਲਿਆ।  ਤੇ ਉਸਦਾ ਨਾਮ ਰੱਖਿਆ ਟਾਈਗਰ। 

  • ਟਾਈਗਰ ਦੇ ਕੰਮ ਵੀ ਟਾਈਗਰ ਵਾਲੇ ਹੀ ਸਨ।ਜਦੋਂ ਉਹ ਵੱਡਾ ਹੋਇਆ ਤਾਂ ਉਸਦੀ ਦਹਿਸ਼ਤ ਤੋਂ ਸਾਰਾ ਪਿੰਡ ਭੈ ਖਾਂਦਾ ਸੀ। ਕੁੱਤਾ ਇਨਸਾਨ ਦਾ ਸਭ ਤੋਂ ਵਫਾਦਾਰ ਸਾਥੀ ਹੁੰਦਾ ਇਹ ਗੱਲ ਟਾਈਗਰ ਨੇ ਸਾਬਤ ਕਰ ਦਿੱਤੀ। ਆਪਣੇ ਘਰ ਵਿਚ ਪਨਾਹ ਦਿੱਤੀ ਇਸ ਲਈ ਟਾਈਗਰ ਨੇ ਸਾਰੀ ਜਿੰਦਗੀ ਸਾਡੇ ਪਰਿਵਾਰ ਦੀ ਸੇਵਾ ਕੀਤੀ।ਹਾੜ ਸਿਆਲ ਉਸ ਨੇ ਫੌਜੀ ਦੀ ਤਰਾਂ ਘਰ ਦੀ ਰਾਖੀ ਕੀਤੀ।  ਘਰ ਦੇ ਕਮਰਿਆਂ ਤੋਂ ਥੋੜੀ ਦੂਰ ਹੀ ਸਾਡਾ ਬਾਥਰੂਮ ਸੀ। ਟਾਈਗਰ ਰਾਤ ਵੇਲੇ ਸਾਰੀ ਰਾਤ ਬਾਥਰੂਮ ਦੀ ਛੱਤ ਤੇ ਬੈਠ ਕੇ ਘਰ ਦੀ ਰਾਖੀ ਕਰਦਾ। ਸਾਡੇ ਘਰ ਦੀ ਹੀ ਨਹੀਂ ਬਾਕੀ ਘਰਾਂ ਦੀ ਵੀ ਜੋ ਸਾਡੀ ਗਲੀ ਵਿਚ ਸਨ।ਇਹੀ ਕਾਰਨ ਸੀ ਕਿ ਸਾਡੇ ਬਾਕੀ ਪੰਜਾਂ ਘਰਾਂ ਨੇ ਕੁੱਤਾ ਨਹੀਂ ਰੱਖਿਆ ਸੀ। ਇਹਨਾਂ ਸਾਰੇ ਘਰਾਂ ਵਿਚ ਟਾਈਗਰ ਹੀ ਜਾਂਦਾ ਸੀ।ਉਹ ਇਨ੍ਹਾਂ ਘਰਾਂ ਤੇ ਆਪਣਾ ਹੱਕ ਸਮਝਦਾ ਸੀ।ਇਸ ਕਰਕੇ ਕਿਸੇ ਹੋਰ ਕੁੱਤੇ ਨੂੰ ਇਹਨਾਂ ਘਰਾਂ ਚ ਵੜਨ ਨਹੀ ਦਿੰਦਾ ਸੀ।
  • ਟਾਈਗਰ ਦੇ ਹੁੰਦਿਆਂ ਸਾਨੂੰ ਘਰ ਦੀ ਕੋਈ ਫਿਕਰ ਨਹੀਂ ਸੀ। ਕਈ ਸੱਪ , ਚੰਨਣਗੀਰੀਆਂ ਟਾਈਗਰ ਦਾ ਸ਼ਿਕਾਰ ਬਣ ਚੁੱਕੀਆਂ ਸਨ। ਇਕ ਵਾਰ ਤਾਂ ਟਾਈਗਰ ਨੇ ਤਿੰਨ ਫੁੱਟ ਲੰਮੇ ਸੱਪ ਦੇ ਦੋ ਟੋਟੇ ਕਰ ਦਿੱਤੇ। ਜਿਸ ਨੂੰ ਬਾਅਦ ਵਿੱਚ ਇਕ ਹਿੱਸੇ ਨੂੰ ਮੈਂ ਅਤੇ ਦੂਸਰੇ ਨੂੰ ਮੇਰੀ ਮਾਤਾ ਜੀ ਨੇ ਮਾਰਿਆ। ਗਰਮੀ ਦਿਨਾਂ ਵਿਚ ਦੁਪਹਿਰ ਵੇਲੇ  ਅਕਸਰ ਸਾਡੇ ਘਰ ਚੰਨਣਗੀਰੀਆਂ ਆ ਜਾਂਦੀਆਂ ਸਨ ਜਿਹਨਾਂ ਦਾ ਪਸ਼ੂਆਂ ਦੇ ਲੜਨ ਦਾ ਡਰ ਰਹਿੰਦਾ ਸੀ। ਪਰ ਟਾਈਗਰ ਨੇ ਚੰਨਣਗੀਰੀਆਂ ਦਾ ਅਜਿਹਾ ਖਾਤਮਾ ਕੀਤਾ ਕਿ ਹੁਣ ਕਦੇ ਇਹ ਦੇਖੀਆਂ ਹੀ ਨਹੀਂ।
  • ਉਂਝ ਟਾਈਗਰ ਦੇ ਉਲਾਹਮੇ ਵੀ ਬਹੁਤ ਆਉਂਦੇ ਸਨ। ਹਰ ਰੋਜ ਇਕ ਦੋ ਉਲਾਹਮੇ ਆ ਹੀ ਜਾਂਦੇ। ਇਕ ਵਾਰ ਬਿਜਲੀ ਮੁਲਾਜ਼ਮ ਮੀਟਰ ਰੀਡਿੰਗ ਲੈਣ ਆਇਆ। ਟਾਈਗਰ ਨੇ ਉਸਦੇ ਕੱਪੜੇ ਪਾੜ ਦਿੱਤੇ ਤੇ ਦੰਦ ਵੀ ਮਾਰ ਦਿੱਤੇ। ਜਿਸ ਕਰਕੇ ਸਾਨੂੰ ਅਫਸੋਸ ਵੀ ਹੋਇਆ ਤੇ ਸ਼ਰਮਿੰਦਾ ਵੀ ਹੋਣਾ ਪਿਆ। ਟਾਈਗਰ ਨੂੰ ਪਿਤਾ ਜੀ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਇਸੇ ਤਰਾਂ ਅਸੀਂ ਇਕ ਵਾਰ ਮੱਝ ਵੇਚੀ। ਜਦੋਂ ਵਪਾਰੀ ਨੇ ਮੱਝ ਖੋਲੀ ਤਾਂ ਟਾਈਗਰ ਖੋਲ੍ਹਣ ਨਾ ਦੇਵੇ। ਅਖੀਰ ਪਿਤਾ ਜੀ ਨੇ ਸੰਗਲ ਫੜਿਆ ਤੇ ਮੱਝ ਨੂੰ ਕੈਂਟਰ ਤੱਕ ਛੱਡ ਕੇ ਆਏ। ਫੇਰ ਵਪਾਰੀ ਪਿੰਡ ਵਿੱਚ ਕੋਈ ਹੋਰ ਮੱਝ ਦੇਖਣ ਚਲਾ ਗਿਆ ਤੇ ਸਾਡੀ ਮੱਝ ਕੈਟਰ ਕੋਲ ਬੰਨ੍ਹ ਗਿਆ।  ਟਾਈਗਰ ਉਥੇ ਹੀ ਬੈਠ ਗਿਆ।  ਜਦੋਂ ਵਪਾਰੀ  ਵਾਪਸ ਆ ਕੇ ਮੱਝ ਖੋਲ੍ਹਣ ਲੱਗਾ ਤਾਂ ਟਾਈਗਰ ਨੇ ਢਾਹ ਲਿਆ। ਟਾਈਗਰ ਨੇ ਮੱਝ ਕੈਂਟਰ ਤੇ ਚੜਾਉਣ ਨਾ ਦਿੱਤੀ।  ਫਿਰ ਮੇਰੇ ਪਿਤਾ ਜੀ ਜਾ ਕੇ ਟਾਈਗਰ ਨੂੰ ਵਾਪਸ ਲੈ ਕੇ ਆਏ ਤਾਂ ਵਪਾਰੀ ਮੱਝ ਲੈ ਕੇ ਗਿਆ। 
  • ਟਾਈਗਰ ਦੀ ਸਾਡੀ ਗਲੀ ਦੇ ਇਕੋ ਘਰ ਦੇ ਦੋ ਕੁੱਤਿਆਂ ਨਾਲ ਦੁਸ਼ਮਣੀ ਸੀ। ਉਂਝ ਤਾਂ ਟਾਈਗਰ ਉਹਨਾਂ ਤੋਂ ਤਕੜਾ ਸੀ। ਪਰ ਉਹ ਦੋਵੇਂ ਮਿਲ ਕੇ ਟਾਈਗਰ ਨੂੰ ਢਾਹ ਲੈਂਦੇ ਸਨ। ਇਕ ਵਾਰ ਦੋਹਾਂ ਨੇ ਮਿਲ ਕੇ ਟਾਈਗਰ ਨੂੰ ਦੋਹਾਂ ਕੰਨਾਂ ਤੋਂ ਫੜ ਕੇ ਕਾਫੀ ਮਧੋਲਿਆ। ਜਦੋਂ ਵੀ ਟਾਈਗਰ ਦੀ ਉਹਨਾਂ ਕੁੱਤਿਆਂ ਨਾਲ ਲੜਾਈ ਹੁੰਦੀ ਤਾਂ ਅੱਧਾ ਪਿੰਡ ਇਕੱਠਾ ਹੋ ਜਾਂਦਾ। ਸਾਡੇ ਦੋਹਾਂ ਪਰਿਵਾਰਾਂ ਦੇ ਹੱਥਾਂ ਵਿੱਚ ਵੀ ਸੋਟੀਆਂ ਹੁੰਦੀਆਂ। ਥੋੜੀ ਜਿਹੀ ਗਲਤੀ ਸਾਡੇ ਦੋਹਾਂ ਪਰਿਵਾਰਾਂ ਦੀ ਲੜਾਈ ਬਣਾ ਸਕਦੀ ਸੀ। ਪਰ ਇਸ ਗੱਲ ਤੋਂ ਬਚਾਅ ਰਿਹਾ। ਹੁਣ ਟਾਈਗਰ ਉਦੋਂ ਹੀ ਲੜਦਾ ਜਦੋਂ ਉਹ ਇਕੱਲੇ ਇਕੱਲੇ ਹੁੰਦੇ। ਜਦੋਂ ਉਹ ਇਕੱਠੇ ਹੁੰਦੇ ਉਦੋਂ ਬਸ ਘੂਰ ਕੇ ਲੰਘ ਜਾਂਦਾ। ਇਕ ਵਾਰ ਉਹਨਾਂ ਚੋਂ ਇਕ ਟਾਈਗਰ ਦੇ ਕਾਬੂ ਆ ਗਿਆ। ਟਾਈਗਰ ਨੇ ਗਲ ਤੋਂ ਫੜ ਕੇ ਬੁਰੀ ਤਰਾਂ ਮਧੋਲਿਆ।  ਮੈਂ ਤੇ ਪਿਤਾ ਜੀ ਨੇ ਬੜੀ ਮੁਸ਼ਕਿਲ ਨਾਲ ਛੁਡਵਾਇਆ। ਫਿਰ ਉਸ ਦੀ ਮੌਤ ਹੋ ਗਈ ਸੀ ਤੇ ਉਸਦੇ ਨਾਲ ਦਾ ਕੁੱਤਾ ਕਦੇ ਟਾਈਗਰ ਨਾਲ ਲੜਨ ਦੀ ਹਿੰਮਤ ਨਾ ਕਰ ਸਕਿਆ। 
  • ਟਾਈਗਰ ਦੀ ਦਹਿਸ਼ਤ ਏਨੀ ਕੁ ਸੀ ਕਿ ਤਾਏ ਕੇ ਘਰ ਗੋਹਾ ਕੂੜਾ ਸੁੱਟਣ ਆਉਂਦੀ ਔਰਤ ਨੂੰ ਤਾਏ ਦੇ ਲੜਕੇ ਨੇ ਡਰਾਵਾ ਹੀ ਦਿੱਤਾ।  ਉਹ ਗਲੀ ਵਿਚ ਗੋਹੇ ਦੀ ਟੋਕਰੀ ਲਈ ਜਾ ਰਹੀ ਸੀ ਕਿ ਤਾਏ ਦੇ ਲੜਕੇ ਨੇ ਪਿਛੋਂ ਜੋਰ ਨਾਲ ਕਿਹਾ ," ਚਾਚੀ ! ਟਾਈਗਰ ਆ ਗਿਆ!!" ਉਹ ਵਿਚਾਰੀ ਗੋਹੇ ਦੀ ਟੋਕਰੀ ਸੁੱਟ ਕੇ ਲੰਮੀ ਪੈ ਗਈ  , ਹਾਏ ਮੈਂ ਮਰਗੀ ਤੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਇਹ ਸ਼ਰਾਰਤ ਮਾੜੀ ਸੀ। ਪਰ ਜਦੋਂ ਸਾਨੂੰ ਪਤਾ ਲੱਗਿਆ ਤਾਂ ਹਾਸਾ ਨਾ ਬੰਦ ਹੋਵੇ। 
  • ਪਰ ਇਸ ਤਰਾਂ ਨਹੀਂ ਕਿ ਹਰ ਇਕ ਨੂੰ ਬਿਨਾਂ ਵਜ੍ਹਾ ਵੱਢਦਾ ਸੀ। ਸਾਡੇ ਘਰ ਆਏ ਰਿਸ਼ਤੇਦਾਰ ਨੂੰ ਕਦੇ ਨਹੀਂ ਵੱਢਿਆ ਪਰ ਓਪਰੇ ਬੰਦੇ ਦੀ ਪਛਾਣ ਪਤਾ ਨਹੀਂ ਕਿਵੇਂ ਕਰ ਲੈਂਦਾ ਸੀ। ਜਦੋਂ ਵੀ ਕੋਈ ਸਾਡੇ ਘਰ ਆਉਂਦਾ ਤਾਂ ਉਹ ਪਹਿਲਾਂ ਆਪ ਹੀ ਛੋਟੀ ਬਾਰੀ ਬੰਦ ਕਰਦਾ ਤੇ ਫਿਰ ਆਵਾਜ ਦਿੰਦਾ ਸੀ। 
  • ਇਕ ਵਾਰ ਅਸੀਂ ਛੋਟਾ ਜਿਹਾ ਕਤੂਰਾ ਲਿਆਂਦਾ ਚਿੱਟੇ ਰੰਗ ਦਾ ਜਿਸਦਾ ਜੈਕੀ ਰੱਖਿਆ ਸੀ। ਟਾਈਗਰ ਨੂੰ ਉਹ ਬਿਲਕੁਲ ਪਸੰਦ ਨਹੀਂ ਸੀ। ਪਹਿਲਾਂ ਤਾਂ ਟਾਈਗਰ ਉਸ ਨਾਲ ਖੇਡਦਾ ਵੀ ਨਹੀਂ ਸੀ ਪਰ ਇਕ ਦਿਨ ਉਸ ਨਾਲ ਖੇਡਣ ਲੱਗ ਪਿਆ ਅਤੇ ਜੋ ਟੋਆ ਉਸਨੇ ਆਪਣੇ ਬੈਠਣ ਲਈ ਪੁੱਟਿਆ ਸੀ , ਜੈਕੀ ਨੂੰ ਉਸ ਵਿਚ ਸੁੱਟ ਕੇ , ਉਸ ਉਪਰ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ।  ਮੇਰੀ ਵੱਡੀ ਭੈਣ ਨੇ ਭੱਜ ਕੇ ਜੈਕੀ ਨੂੰ ਬਾਹਰ ਕੱਢਿਆ।  ਫਿਰ ਇਕ ਦਿਨ ਜੈਕੀ ਮੱਝ ਦੇ ਪੈਰ ਥੱਲੇ ਆ ਕੇ ਮਰ ਗਿਆ।  ਤੇ ਟਾਈਗਰ ਫਿਰ ਇਕੱਲਾ ਹੀ ਰਹਿ ਗਿਆ। 
  • ਬੇਸ਼ੱਕ ਟਾਈਗਰ ਵਿਚ ਕੁਝ ਕਮੀਆਂ ਸਨ ਪਰ ਉਸ ਵਿਚ ਖੂਬੀਆਂ ਵੀ ਬਹੁਤ ਸਨ। ਉਹ ਸਾਡੇ ਪਰਿਵਾਰ ਦੇ ਮੈਂਬਰ ਵਾਂਗ ਸੀ। ਇਸੇ ਕਰਕੇ ਇਕ ਵਾਰ ਇਕ ਵਿਆਹ ਤੇ ਮੇਰੇ ਪਿਤਾ ਜੀ ਨੇ ਮੂਵੀ ਬਣਾਉਣ ਵਾਲੇ ਨੂੰ ਕਿਹਾ ਸੀ ਕਿ ਮੇਰੀ ਫੋਟੋ ਭਾਵੇਂ ਨਾ ਆਵੇ ਪਰ ਟਾਈਗਰ ਦੀ ਫੋਟੋ ਜਰੂਰ ਆਉਣੀ ਚਾਹੀਦੀ ਹੈ।
  • ਫਿਰ ਇਕ ਦਿਨ ਟਾਈਗਰ ਦੇ ਸਿਰ ਵਿਚ ਕਿਸੇ ਨੇ ਸੱਟ ਮਾਰ ਦਿੱਤੀ।  ਸਿਰ ਵਿਚ ਕੀੜੇ ਪੈ ਗਏ। ਪਿਤਾ ਜੀ ਦੀਆਂ ਲੱਖ ਕੋਸ਼ਿਸ਼ਾਂ ਵੀ ਉਸਨੂੰ ਬਚਾ ਨਾ ਸਕੀਆਂ। ਉਸਦੀ ਮੌਤ ਪਿਛੋਂ ਸਾਰਾ ਪਰਿਵਾਰ ਕਈ ਦਿਨ ਉਦਾਸ ਰਿਹਾ। ਹੁਣ ਤੱਕ ਵੀ ਸਾਡਾ ਪਰਿਵਾਰ ਹੀ ਨਹੀਂ ਸਾਡੇ ਪਿੰਡ ਦੇ ਲੋਕ ਵੀ ਟਾਈਗਰ ਨੂੰ ਯਾਦ ਕਰਦੇ ਹਨ।  ਟਾਈਗਰ ਦੀ ਕਮੀ ਪੂਰੀ ਕਰਨ ਲਈ ਅਸੀਂ ਕਈ ਵਾਰ ਕਈ ਖਾਸ ਕਿਸਮ ਦੇ ਕੁੱਤੇ ਵੀ ਰੱਖੇ ਪਰ ਟਾਈਗਰ ਦੀ ਕਮੀ ਪੂਰੀ ਨਹੀਂ ਹੋ ਸਕੀ। ਸਚਮੁੱਚ ਟਾਈਗਰ ਤਾਂ ਟਾਈਗਰ ਹੀ ਸੀ।

ਜਗਸੀਰ ਸਿੰਘ ਉਗੋਕੇ
9878387150
Thewhrighter.blogspot.com 

टिप्पणियाँ

इस ब्लॉग से लोकप्रिय पोस्ट

The Power of Mindfulness: Cultivating Presence in a Busy World

ਹਰ ਗੱਲ...

ਇੱਕ ਭਿਆਨਕ ਸੁਫ਼ਨਾ