ਬੀਤਿਆ ਵਰ੍ਹਾ

ਆਇਆ ਸਾਲ ਨਵਾਂ, ਪੁਰਾਣਾ ਬੀਤ ਗਿਆ, ਕੁਝ ਤਾਂ ਰਿਹਾ ਬੁਰਾ ਕੁਝ ਕੁਝ ਠੀਕ ਰਿਹਾ। ਕੁਝ ਤਾਂ ਵਗੀਆਂ ਗਮ ਦੀਆਂ ਗਰਮ ਹਵਾਵਾਂ ਵੀ, ਕੁਝ ਸੁੱਖਾਂ ਵਾਂਗੂੰ ਠੰਡਾ ਸੀਤ ਰਿਹਾ। ਕੁਝ ਨੇ ਲਾਈਆਂ ਠਿੱਬੀਆਂ, ਸਹਾਰੇ ਕੁਝ ਬਣੇ, ਉਂਝ ਤਾਂ ਸਾਰਾ ਆਲਮ ਮੇਰਾ ਮੀਤ ਰਿਹਾ। ਕੁਝ ਤਾਂ ਮੱਥੇ ਵੀ ਲਾ ਕੇ ਰਹੇ ਰਾਜੀ ਨਾ, ਕੁਝ ਦੇ ਗਲ ਮੈਂ ਵਾਂਗ ਤਵੀਤ ਰਿਹਾ। ਰੁਜ਼ਗਾਰਾਂ ਖਾਤਰ ਕੀਤੇ ਰੋਸ ਮੁਜਾਹਰੇ ਵੀ, ਹੱਕਾਂ ਖਾਤਰ ਮੈਂ ਸਾਲ ਸਾਰਾ ਹੀ ਚੀਖ ਰਿਹਾ। ਲਾਰਿਆਂ ਦੇ ਵਿਚ ਰੱਖਿਆ ਨਵੀਆਂ ਸਰਕਾਰਾਂ ਵੀ, ਉਹਦਾ ਹਰ ਵਾਅਦਾ ਪਾਣੀ ਉੱਤੇ ਲੀਕ ਰਿਹਾ। ਕੁਝ ਤੜਪਾਇਆ ਮੈਨੂੰ ਵਿਛੜੀਆਂ ਰੂਹਾਂ ਨੇ , ਬਿਰਹਾ ਬਣਿਆ ਸੀਨੇ ਦੀ ਚੀਸ ਰਿਹਾ। ਕੁਝ ਵਿਛੜੇ ਤੇ ਕੁਝ ਨਵੇਂ ਯਾਰ ਬਣੇ, ਮਿਲਣਾ ਵਿਛੜਨਾ ਤਾਂ ਜੱਗ ਦੀ ਰੀਤ ਰਿਹਾ। ਜਦ ਖੁਸ਼ ਹੋਏ ਲਾਈ ਮਹਿਫ਼ਲ ਯਾਰਾਂ ਨਾ', ਹੋਏ ਜਦ ਉਦਾਸ ਤਾਂ ਲਿਖ ਕੋਈ ਗੀਤ ਲਿਆ।